ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਵੱਲੋਂ ਸਥਾਪਨਾ ਦਿਵਸ
ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਵੱਲੋਂ ਸਥਾਪਨਾ ਦਿਵਸ
Publish Date: Fri, 05 Dec 2025 06:11 PM (IST)
Updated Date: Fri, 05 Dec 2025 06:12 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਦੀ ਅਗਵਾਈ ’ਚ ਅੱਜ ਯੂਨੀਅਨ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸਾਬਕਾ ਸੈਨਿਕ ਤੇ ਵੀਰ ਨਾਰੀਆਂ ਨੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਦੱਸਿਆ ਕਿ ਯੂਨੀਅਨ ਦੀ ਸਥਾਪਤੀ ਤੋਂ ਬਾਅਦ ਵੀਰ ਨਾਰੀਆਂ ਤੇ ਇਕ-ਇਕ ਕਰਕੇ ਸਾਬਕਾ ਸੈਨਿਕ ਯੂਨੀਅਨ ਨਾਲ ਜੁੜਦੇ ਰਹੇ ਤੇ ਇਹ ਸਿਲਸਿਲ ਅੱਜ ਵੀ ਜਾਰੀ ਹੈ। ਸਾਬਕਾ ਸੈਨਿਕਾਂ ਦੀ ਏਕਤਾ ਸਦਕਾ ਯੂਨੀਅਨ ਵੱਲੋਂ ਕਈ ਅਹਿਮ ਮਸਲੇ ਹੱਲ ਕਰਵਾਏ ਗਏ। ਉਨ੍ਹਾਂ ਸਮੂਹ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਇਕਜੁਟ ਹੋ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਤੇ ਚੋਣਾਂ ’ਚ ਕਿਸੇ ਵੀ ਤਰ੍ਹਾਂ ਦੇ ਵਿਵਾਦਤ ਮਾਮਲੇ ’ਚ ਨਾ ਪੈਣ ਤੇ ਪਿੰਡਾਂ ’ਚ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਵੱਖ ਵੱਖ ਸਖ਼ਸ਼ੀਅਤਾਂ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਢਿੱਲੋਂ, ਸੀਨੀ. ਪੱਤਰਕਾਰ ਰਣਜੀਤ ਸਿੰਘ, ਪੱਤਰਕਾਰ ਸੁਖਦੀਪ ਸਿੰਘ ਗਿੱਲ ਤੇ ਮਨਜੀਤ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸਤੋਂ ਉਪਰੰਤ ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਦੇ ਜੋ 70 ਸਾਲ ਤੋਂ ਉੱਪਰ ਅਤੇ ਪੁਰਾਣੇ ਸਮੇਂ ਤੋਂ ਯੂਨੀਅਨ ਦੇ ਨਾਲ ਜੁੜੇ ਸੀਨੀਅਰ ਸਾਬਕਾ ਸੈਨਿਕ ਸੂਬੇਦਾਰ ਕਾਰਜ ਸਿੰਘ ਪਾਕਾਂ, ਕੈਪਟਨ ਸਵਰਨ ਸਿੰਘ ਤਾਮਕੋਟ, ਕੈਪਟਨ ਮਖਤਿਆਰ ਸਿੰਘ, ਹੌਲਦਾਰ ਪਾਲ ਸਿੰਘ, ਹੌਲਦਾਰ ਗੁਲਾਬ ਸਿੰਘ ਅਤੇ ਹੌਲਦਾਰ ਨਛੱਤਰ ਸਿੰਘ ਖਾਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਗਈ ਕਿ ਜਥੇਬੰਦੀ ਦੀ ਚੜ੍ਹਦੀ ਕਲਾ ਰਹੇ ਅਤੇ ਹਰ ਸਾਲ ਅਸੀਂ ਯੂਨੀਅਨ ਦਾ ਸਥਾਪਤੀ ਦਿਵਸ ਮਨਾਉਂਦੇ ਰਹੀਏ। ਇਸ ਦੌਰਾਨ ਪੱਤਰਕਾਰ ਰਣਜੀਤ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਫੌਜੀ ਆਦਮੀ ਇੱਕ ਬਹੁਤ ਵੱਡਾ ਦੇਸ਼ ਦਾ ਮੁੱਖ ਸੇਵਾਦਾਰ ਹੈ ਜੋਕਿ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਸਰਹੱਦਾਂ ਦੀ ਰਾਖੀ ਕਰਦੇ ਹਨ। ਅਸੀਂ ਇਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਇਹ ਆਪਣੀ ਇਮਾਨਦਾਰ ਅਤੇ ਤਨਦੇਹੀ ਨਾਲ ਦੇਸ਼ ਦੀ ਸੇਵਾ ਕਰਦੇ ਹਨ। ਇਨ੍ਹਾਂ ਦੀ ਬਹੁਤ ਹੀ ਵੱਡੀ ਇੱਕ ਜਥੇਬੰਦੀ ਹੈ ਜੋ ਦੇਸ਼ ਦੀ ਸੇਵਾ ਲਈ ਹਰ ਟਾਈਮ ਬਰਕਰਾਰ ਰਹਿੰਦੀ ਹੈ ਅਤੇ ਇੱਕ ਜੁੱਟ ਹੋ ਕੇ ਰਹਿੰਦੇ ਹਨ ਅਤੇ ਆਪਣੇ ਪਰਿਵਾਰ ਦੇ ਦੁੱਖ-ਸੁੱਖ ’ਚ ਇੱਕ ਦੂਜੇ ਨਾਲ ਸ਼ਾਮਿਲ ਹੁੰਦੇ ਹਨ।