ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਏ ਐਡਵੋਕੇਟ ਧਾਮੀ; ਸੰਗਤ ਨੂੰ ਰੋਕਣ 'ਤੇ ਸਰਕਾਰ ਵਿਰੁੱਧ ਜਤਾਇਆ ਸਖ਼ਤ ਇਤਰਾਜ਼
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਇਤਿਹਾਸਕ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਮਾਘੀ ਦੇ ਮੇਲੇ ਦੌਰਾਨ ਪ੍ਰਸ਼ਾਸਨ ਵੱਲੋਂ ਸੰਗਤਾਂ ਨੂੰ ਰੋਕਣ ਲਈ ਲਗਾਏ ਗਏ ਨਾਕਿਆਂ ਦੀ ਸਖ਼ਤ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਆਪਣੀ ਨੀਤੀ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
Publish Date: Wed, 14 Jan 2026 11:37 AM (IST)
Updated Date: Wed, 14 Jan 2026 11:39 AM (IST)

ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਇਤਿਹਾਸਕ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਮਾਘੀ ਦੇ ਮੇਲੇ ਦੌਰਾਨ ਪ੍ਰਸ਼ਾਸਨ ਵੱਲੋਂ ਸੰਗਤਾਂ ਨੂੰ ਰੋਕਣ ਲਈ ਲਗਾਏ ਗਏ ਨਾਕਿਆਂ ਦੀ ਸਖ਼ਤ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਆਪਣੀ ਨੀਤੀ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
ਸੰਗਤਾਂ ਦੀ ਰੋਕ-ਟੋਕ ਸਿੱਖ ਆਸਥਾ ਨਾਲ ਖਿਲਵਾੜ: ਧਾਮੀ
ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਕੋਟਕਪੁਰਾ ਰੋਡ 'ਤੇ ਪੁਲਿਸ ਵੱਲੋਂ ਸੰਗਤਾਂ ਦੀਆਂ ਟਰਾਲੀਆਂ ਨੂੰ 5 ਕਿਲੋਮੀਟਰ ਪਿੱਛੇ ਹੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, "ਸਿੱਖ ਸੰਗਤ ਬੜੀ ਸ਼ਰਧਾ ਨਾਲ ਗੁਰੂ ਘਰ ਆਉਂਦੀ ਹੈ, ਪਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਇੰਨੀ ਦੂਰੋਂ ਪੈਦਲ ਆਉਣ ਲਈ ਮਜਬੂਰ ਕਰਨਾ ਅਨਿਆਂਪੂਰਨ ਹੈ। ਸਰਕਾਰ ਨੂੰ ਅਜਿਹੇ ਨਾਕੇ ਲਗਾ ਕੇ ਸੰਗਤ ਨੂੰ ਪਰੇਸ਼ਾਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।"
ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ
ਸੋਸ਼ਲ ਮੀਡੀਆ 'ਤੇ ਚੱਲ ਰਹੇ ਮੌਜੂਦਾ ਰੁਝਾਨਾਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਧਾਮੀ ਨੇ ਕਿਹਾ ਕਿ ਇਹ ਮੰਚ ਆਪਣੀ ਗੱਲ ਰੱਖਣ ਦਾ ਇੱਕ ਮਜ਼ਬੂਤ ਸਾਧਨ ਹੈ, ਪਰ ਇਸ ਦੀ ਵਰਤੋਂ ਸਿਰਫ਼ ਵਪਾਰਕ ਹਿੱਤਾਂ ਲਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੋਸ਼ਲ ਮੀਡੀਆ ਨੂੰ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ।
328 ਪਾਵਨ ਸਰੂਪਾਂ ਦਾ ਮਾਮਲਾ
ਗਾਇਬ ਹੋਏ 328 ਪਾਵਨ ਸਰੂਪਾਂ ਦੇ ਸੰਵੇਦਨਸ਼ੀਲ ਮਾਮਲੇ ਬਾਰੇ ਗੱਲ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਇਸ ਸਬੰਧੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗਜ ਦੇ ਜੋ ਵੀ ਆਦੇਸ਼ ਹੋਣਗੇ, ਕਮੇਟੀ ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰੇਗੀ।