ਸਾਵਧਾਨ...ਕੂੜੇ ਨੂੰ ਅੱਗ ਲਗਾਉਣ ’ਤੇ ਹੋ ਸਕਦਾ ਪੰਜ ਹਜ਼ਾਰ ਰੁਪਏ ਜੁਰਮਾਨਾ
ਕੂੜੇ ਨੂੰ ਅੱਗ ਲਗਾਉਣ ਤੇ ਕੀਤਾ ਜਾਵੇਗਾ ਪੰਜ ਹਜ਼ਾਰ ਰੁਪਏ ਜੁਰਮਾਨਾ
Publish Date: Fri, 05 Dec 2025 05:02 PM (IST)
Updated Date: Fri, 05 Dec 2025 05:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਵੱਲੋਂ ਨਗਰ ਕੌਂਸਲ ਮਲੋਟ ਵਿਖੇ ਘਰਾਂ ਅਤੇ ਦੁਕਾਨਾਂ ਤੋਂ ਪੈਦਾ ਹੋਣ ਵਾਲੇ ਕੂੜੇ ਨੂੰ ਅੱਗ ਲਗਾਉਣ ਦੀ ਮਨਾਹੀ ਦੇ ਸੰਬੰਧ ’ਚ ਇੱਕ ਵਿਸ਼ੇਸ਼ ਜਾਗਰੂਕਤਾ ਅਤੇ ਸਿਖਲਾਈ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਮੰਗਤ ਕੁਮਾਰ ਕਾਰਜ ਸਾਧਕ ਅਫਸਰ, ਨਗਰ ਕੌਂਸਲ ਮਲੋਟ ਅਤੇ ਰਵੀ ਪਾਲ ਵਾਤਾਵਰਣ ਇੰਜੀਨੀਅਰ (ਪੀਪੀਸੀਬੀ), ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦਾ ਮੁੱਖ ਉਦੇਸ਼ ਸਫ਼ਾਈ ਕਰਮਚਾਰੀਆਂ, ਵੇਸਟ ਕਲੈਕਟਰਾਂ ਅਤੇ ਰੈਗ ਪਿਕਰ ਟੀਮ ਨੂੰ ਇਸ ਕਾਰਜ ਨੂੰ ਬਿਹਤਰ ਢੰਗ ਨਾਲ ਨਿਗਰਾਨੀ (ਮੋਨੀਟਰ) ਕਰਨ ਦੀ ਵਿਸ਼ੇਸ਼ ਸਿਖਲਾਈ ਦੇਣਾ ਸੀ। ਇਸ ਦੌਰਾਨ ਟੀਮ ਨੂੰ ਕੂੜੇ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਅਤੇ ਸਿਹਤ ਨੂੰ ਹੋਣ ਵਾਲੇ ਭਿਆਨਕ ਨੁਕਸਾਨਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਪੀਪੀਸੀਬੀ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਸੰਸਥਾ ਕੂੜੇ ਨੂੰ ਅੱਗ ਲਗਾਉਂਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਮੌਕੇ ਤੇ ਹੀ ਪੰਜ ਹਜ਼ਾਰ ਰੁਪਏ (5,000/-) ਦਾ ਜੁਰਮਾਨਾ ਕੀਤਾ ਜਾਵੇਗਾ। ਕਾਰਜਕਾਰੀ ਇੰਜੀਨੀਅਰ (ਐਕਸਨ), ਪੀਪੀਸੀਬੀ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਪੈਦਾ ਹੋਣ ਵਾਲੇ ਕੂੜੇ ਨੂੰ ਸੁੱਕਾ ਅਤੇ ਗਿੱਲਾ ਅਲੱਗ-ਅਲੱਗ ਕਰਕੇ ਨਗਰ ਕੌਂਸਲ ਮਲੋਟ ਦੇ ਰਜਿਸਟਰਡ ਵੇਸਟ ਕਲੈਕਟਰਾਂ ਦੇ ਹਵਾਲੇ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ੁੱਧ ਹਵਾ ਅਤੇ ਸਾਫ਼-ਸੁਥਰਾ ਵਾਤਾਵਰਣ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦਾ ਹੈ। ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਆਪਣੇ ਸ਼ਹਿਰ, ਗਲੀ ਅਤੇ ਮੁਹੱਲੇ ਨੂੰ ਸਾਫ਼ ਸੁਥਰਾ ਰੱਖਣ ਲਈ ਪੂਰਨ ਸਹਿਯੋਗ ਦੇਣ ਦੀ ਬੇਨਤੀ ਕੀਤੀ। ਇਸ ਮੌਕੇ ਰਾਜਕੁਮਾਰ (ਸੈਨੇਟਰੀ ਇੰਸਪੈਕਟਰ), ਜਸ਼ਨ ਸਿੰਘ ਵਧਵਾ (ਜੂਨੀਅਰ ਇੰਜੀਨੀਅਰ, ਪੀਪੀਸੀਬੀ), ਬਲਵੰਤ ਕੁਮਾਰ (ਪ੍ਰਧਾਨ ਸਫਾਈ ਕਰਮਚਾਰੀ ਯੂਨੀਅਨ), ਸੁਪਰਵਾਈਜ਼ਰ, ਵੇਸਟ ਕਲੈਕਟਰ ਸੁਪਰਵਾਈਜ਼ਰ ਅਤੇ ਸਵੱਛ ਭਾਰਤ ਟੀਮ ਦੇ ਮੋਟੀਵੇਟਰ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।