ਘਰੋਂ ਪਾਣੀ ਭਰਨ ਗਈ 9 ਸਾਲਾ ਬੱਚੀ ਭੇਦਭਰੇ ਹਾਲਤ ’ਚ ਲਾਪਤਾ
ਘਰੋਂ ਪਾਣੀ ਭਰਨ ਗਈ 9 ਸਾਲਾ ਬੱਚੀ ਭੇਦਭਰੇ ਹਾਲਤ ’ਚ ਲਾਪਤਾ
Publish Date: Fri, 05 Dec 2025 07:31 PM (IST)
Updated Date: Fri, 05 Dec 2025 07:33 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਅਨਾਜ ਮੰਡੀ ਦੇ ਪਿਛਲੇ ਪਾਸੇ ਬੈਠੇ ਝੁੱਗੀ ਝੋਪੜੀ ਵਾਲਿਆਂ ਦੀ ਇਕ 9 ਸਾਲਾ ਬੱਚੀ ਵੀਰਵਾਰ ਸ਼ਾਮ ਨੂੰ ਘਰੋਂ ਪਾਣੀ ਲੈਣ ਗਈ ਭੇਦਭਰੇ ਹਾਲਤ ’ਚ ਲਾਪਤਾ ਹੋ ਗਈ ਹੈ। ਬੱਚੀ ਦੀ ਪਹਿਚਾਣ ਸਨਿਸਰੀ ਕੁਮਾਰੀ ਪੁੱਤਰੀ ਗਨੇਸ਼ ਬਿੰਦੂ ਵਜੋਂ ਹੈ। ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਘਰ ਦੇ ਅੱਗੇ ਨਸ਼ੇੜੀ ਵਿਅਕਤੀ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਡਰ ਬਣਿਆ ਹੋਇਆ ਹੈ। ਓਧਰ ਸ਼ੁੱਕਰਵਾਰ ਦੀ ਸਵੇਰੇ ਪੁਲਿਸ ਚੌਕੀ ਪਹੁੰਚੀ ਤੇ ਨੇੜੇ ਮੌਜੂਦ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਲੜਕੀ ਪਿਤਾ ਗਨੇਸ਼ ਨੇ ਦੱਸਿਆ ਕਿ ਉਹ ਪਿੱਛੇ ਬਿਹਾਰ ਦੇ ਰਹਿਣ ਵਾਲੇ ਹਨ ਪਰ ਕਈ ਸਾਲਾਂ ਤੋਂ ਇੱਥੇ ਮੁਕਤਸਰ ਰਹਿ ਰਹੇ ਹਨ ਤੇ ਮਜ਼ਦੂਰੀ ਕਰਦੇ ਹਨ। ਉਸਦੇ ਚਾਰ ਬੱਚੇ ਹਨ। ਸਭ ਤੋਂ ਵੱਡੀ ਬੱਚੀ ਸਨਿਸਰੀ ਕੁਮਾਰ ਦੂਸਰੀ ਕਲਾਸ ’ਚ ਪੜ੍ਹਦੀ ਹੈ। ਵੀਰਵਾਰ ਸ਼ਾਮ ਛੇ ਵਜੇ ਪੂਰਾ ਪਰਿਵਾਰ ਖਾਣਾ ਖਾ ਰਿਹਾ ਸੀ ਇਸ ਦੌਰਾਨ ਬੱਚੀ ਬਾਹਰ ਲੱਗੇ ਨਲਕੇ ਤੋਂ ਪਾਣੀ ਲੈਣ ਚਲੀ ਗਈ ਪਰ ਕਾਫੀ ਸਮਾਂ ਜਦ ਬੱਚੀ ਨਹੀ ਆਈ ਤਾਂ ਉਨ੍ਹਾਂ ਜਾ ਕੇ ਪੜਤਾਲ ਕੀਤੀ ਉਹ ਕਿਤੇ ਵੀ ਨਹੀਂ ਮਿਲੀ। ਉਹ ਸਾਰੀ ਰਾਤ ਬੱਚੀ ਨੂੰ ਲੱਭਦੇ ਰਹੇ। ਸਵੇਰੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਲੜਕੀ ਪਿਤਾ ਨੇ ਮੰਗ ਕੀਤੀ ਕਿ ਉਸਦੀ ਬੱਚੀ ਦੀ ਜਲਦ ਭਾਲ ਕਰਕੇ ਦਿੱਤੀ ਜਾਵੇ।