10 ਕਿਸਾਨਾਂ ਦੀ ਫ਼ਸਲ ਗਲਤ ਤਰੀਕੇ ਫਰਮ ’ਚ ਵੇਚ ਕੇ ਮਾਰੀ 53.27 ਲੱਖ ਦੀ ਠੱਗੀ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਇਕ ਆੜ੍ਹਤ ’ਤੇ ਕੰਮ ਕਰਦੇ ਮੁਨੀਮ ਨੇ ਗਲਤ ਤਰੀਕੇ ਨਾਲ ਉਨ੍ਹਾਂ 10 ਕਿਸਾਨਾਂ ਦੀ ਫ਼ਸਲ ਫਰਮ ’ਚ ਵੇਚ ਕੇ 53,27,725 ਰੁਪਏ ਦੀ ਠੱਗੀ ਮਾਰ ਲਈ ਜਿਨ੍ਹਾਂ ਦੀ ਫ਼ਸਲ ਕਦੇ ਆੜ੍ਹਤ ਦੀ ਦੁਕਾਨ ’ਤੇ ਆਈ ਹੀ ਨਹੀਂ। ਇਸ ਸਬੰਧੀ ਥਾਣਾ ਸਿਟੀ ਮੁਕਤਸਰ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਹਨਿਤ ਕੁਮਾਰ ਨੇ ਦੱਸਿਆ ਕਿ ਉਹ ਫਰਮ ‘ਮੈਸ ਤੇਜਸ ਐਗਰੋ’ ਦੁਕਾਨ ਨੰਬਰ 108-ਏ ਨਵੀਂ ਦਾਣਾ ਮੰਡੀ ਦਾ ਮਾਲਕ ਅਤੇ ਸੋਲ ਪ੍ਰੋਪਰਾਇਟਰਜ਼ ਹੈ। ਜਿਸਦੀ ਆੜਤ ਦੀ ਦੁਕਾਨ ’ਤੇ ਤਰਸੇਮ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਸ੍ਰੀ ਮੁਕਤਸਰ ਸਾਹਿਬ ਬਤੌਰ ਮੁਨੀਮ ਕੰਮ ਕਰਦਾ ਸੀ ਅਤੇ ਉਸਦੀ ਆੜਤ ਦੀ ਦੁਕਾਨ ’ਤੇ ਕਿਸਾਨਾਂ ਦੀ ਫ਼ਸਲ ਵੇਚਣ\ਖਰੀਦਣ ਸਬੰਧੀ ਪੋਰਟਲ ਨੂੰ ਵੀ ਤਰਸੇਮ ਕੁਮਾਰ ਮੁਨੀਮ ਹੀ ਚਲਾਉਂਦਾ ਸੀ। ਉਸਨੇ ਦੱਸਿਆ ਕਿ ਉਸਦੀ ਆੜ੍ਹਤ ’ਚ ਮਹੀਨੇ ਅਪ੍ਰੈਲ ਅਤੇ ਮਈ 2025 ’ਚ ਵੱਖ-ਵੱਖ ਕਿਸਾਨਾਂ ਦੀ ਫ਼ਸਲ ਦੇ ਕੁਲ 10207 ਗੱਟੇ ਤੋਲੇ ਗਏ ਸਨ। ਜਿਨ੍ਹਾਂ ਸਬੰਧੀ ਉਸਦੀ ਆੜ੍ਹਤ ਦੇ ਪੋਰਟਲ ਤੋਂ ਇਨ੍ਹਾਂ 10,207 ਗੱਟਿਆਂ ਦੇ ਭੁਗਤਾਨ ਸਬੰਧੀ ਹਰ ਇਕ ਸਬੰਧਿਤ ਕਿਸਾਨ ਦੇ ਨਾਮ ਦਾ ਵੇਰਵਾ ਪਾ ਕੇ ਖਰੀਦਦਾਰ ਸਰਕਾਰੀ ਏਜੰਸੀ ਨੂੰ ਵੇਰਵਾ ਭੇਜਿਆ ਜਾਣਾ ਸੀ। ਜੋਕਿ ਉਸਦੀ ਆੜ੍ਹਤ ‘ਤੇਜਸ ਐਗਰੋ’ ਸ੍ਰੀ ਮੁਕਤਸਰ ਸਾਹਿਬ ਦਾ ਪੋਰਟਲ ਉਸਦਾ ਮੁਨੀਮ ਤਰਸੇਮ ਕੁਮਾਰ ਉਕਤ ਹੀ ਚਲਾਉਂਦਾ ਸੀ। ਜੋ 10,207 ਕਣਕ ਦੇ ਗੱਟੇ ਤੇਜਸ਼ ਐਗਰੋ ਫਾਰਮ ਵਿੱਚ ਤੁਲੇ ਸਨ ਇਨ੍ਹਾਂ ਵਿੱਚੋਂ 5813 ਕਣਕ ਦੇ ਗੱਟਿਆਂ ਦਾ ਭੁਗਤਾਨ ਸਹੀ ਕਿਸਾਨਾਂ ਦੇ ਖਾਤਿਆਂ ਵਿੱਚ ਹੋਇਆ ਹੈ, ਜਿਨ੍ਹਾਂ ਕਿਸਾਨਾਂ ਨੇ ਉਸਦੀ ਆੜਤ ’ਤੇ ਕਣਕ ਦੀ ਫ਼ਸਲ ਵੇਚੀ ਸੀ ਪਰ 4374 ਗੱਟਿਆਂ ਦਾ ਵੇਰਵਾ ਤਰਸੇਮ ਸਿੰਘ ਨੇ ਉਸਦੀ ਆੜ੍ਹਤ ਦੇ ਪੋਰਟਲ ਵਿੱਚੋਂ ਧੋਖਾਧੜੀ ਦੀ ਨੀਯਤ ਨਾਲ ਅਜਿਹੇ 10 ਕਿਸਾਨਾਂ ਦੇ ਖਾਤੇ ਵਿੱਚ ਕਰਵਾ ਦਿੱਤਾ ਜਿਨ੍ਹਾਂ ਨੇ ਉਸਦੀ ਆੜਤ ’ਤੇ ਕੋਈ ਵੀ ਫ਼ਸਲ ਨਹੀਂ ਵੇਚੀ ਸੀ। ਉਸਨੇ ਦੱਸਿਆ ਕਿ ਕੁੱਲ 53,27,725 ਰੁਪਏ ਦੀ ਠੱਗੀ ਮਾਰੀ ਹੈ। ਤਰਸੇਮ ਕੁਮਾਰ ਮੁਨੀਮ ਨੇ ਪੰਚਾਇਤ ’ਚ ਮੰਨਿਆ ਕਿ ਉਸਨੇ ਪ੍ਰਭਜੋਤ ਕੌਰ ਵਗੈਰਾ ਦੀ ਫ਼ਸਲ ਤੇਜਸ਼ ਐਗਰੋ ਫਰਮ ’ਤੇ ਕਦੇ ਨਹੀਂ ਆਈ ਪ੍ਰੰਤੂ ਉਨ੍ਹਾਂ ਨੂੰ ਪੈਸਿਆ ਦਾ ਭੁਗਤਾਨ ਤੇਜਸ਼ ਐਗਰੋ ਫਰਮ ਵਿੱਚੋਂ ਹੀ ਹੋਇਆ ਹੈ ਅਤੇ ਪ੍ਰਭਜੋਤ ਕੌਰ ਵੈਗਰਾ ਦੇ ਖਾਤੇ ’ਚ ਰਕਮ ਆਈ ਹੈ। ਮੁਨੀਮ ਨੇ ਆਪਣੇ ਆਹੁਦੇ ਦੀ ਗਲਤ ਵਰਤੋਂ ਕਰਕੇ ਤੇਜਸ ਐਗਰੋ ਫਰਮ ਦੇ ਪੋਰਟਲ ਵਿੱਚ ਅਜਿਹੇ 10 ਕਿਸਾਨਾਂ ਦੀ ਫਰਮ ’ਚ ਫ਼ਸਲ ਆਈ ਜਾਰੀ ਕਰ ਦਿੱਤੀ ਜਿਨ੍ਹਾਂ ਦੀ ਫ਼ਸਲ ਕਦੇ ਤੇਜਸ ਐਗਰੋ ਫਰਮ ’ਤੇ ਵਿਕੀ ਹੀ ਨਹੀਂ ਸੀ। ਇਸ ਤਰ੍ਹਾਂ ਇਨ੍ਹਾਂ ਕਿਸਾਨਾਂ ਦੇ ਖਾਤਿਆਂ ’ਚ ਸਰਕਾਰੀ ਏਜੰਸੀ ਵੱਲੋਂ ਪੈਸਿਆਂ ਦਾ ਭੁਗਤਾਨ ਕਰ ਦਿੱਤਾ ਗਿਆ। ਇਸ ਤਰ੍ਹਾਂ ਤਰਸੇਮ ਕੁਮਾਰ ਉਕਤ ਨੇ ਉਸ ਨਾਲ ਕਰੀਬ 53 ਲੱਖ 27 ਹਜ਼ਾਰ 725 ਰੁਪਏ ਠੱਗੀ ਮਾਰੀ ਹੈ। ਉਕਤ ਬਿਾਅਨਾਂ ’ਤੇ ਥਾਣਾ ਸਿਟੀ ਮੁਕਤਸਰ ਪੁਲਿਸ ਨੇ ਮੁਨੀਮ ਤਰਸੇਮ ਕੁਮਾਰ ਵਾਸੀ ਅਬੋਹਰ ਰੋਡ ਗਲੀ ਨੰਬਰ 11 ਨੇੜੇ ਬੱਬੀ ਡਾਕਟਰ, ਸ੍ਰੀ ਮੁਕਤਸਰ ਸਾਹਿਬ ਦੇ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।