ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਇਥੋਂ ਦੇ ਨੇੜਲੇ ਪਿੰਡ ਸੁੰਡਰਾ ਵਿਖੇ ਅੱਜ ਦੁਪਹਿਰ ਬਾਅਦ ਖੇਤਾਂ ਦੇ ਨੇੜੇ ਵਸੀ ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਨਾਲ ਸਾਰੀ 45 ਝੁੱਗੀਆਂ ਸੜ ਕੇ ਸੁਆਹ ਹੋ ਗਈ। ਉਥੇ ਇਕ ਡੇਢ ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਇਕ ਛੋਟੀ ਬੱਚੀ ਝੁਲਸ ਗਈ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੰਚਕੂਲਾ, ਰਾਮਗੜ੍ਹ ਅਤੇ ਡੇਰਾਬੱਸੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਕਰੀਬਨ ਤਿੰਨ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ। ਝੁੱਗੀਆਂ ਸੜਨ ਮਗਰੋਂ ਸਾਰੇ ਲੋਕ ਬੇਘਰ ਹੋ ਗਏ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਸੁੰਡਰਾ ਵਿਖੇ ਖੇਤਾਂ ਦੇ ਨੇੜੇ ਪ੍ਰਵਾਸੀ ਵਿਅਕਤੀ ਵੱਲੋਂ ਲੰਘੇ ਕਈਂ ਸਾਲਾ ਤੋਂ ਇਥੇ 45 ਦੇ ਕਰੀਬ ਝੁੱਗੀਆਂ ਬਣਾ ਕੇ ਰਹਿ ਰਹੇ ਸੀ। ਅੱਜ ਪਿੰਡ ਦੇ ਇਕ ਵਿਅਕਤੀ ਵੱਲੋਂ ਖੇਤਾਂ ਵਿੱਚ ਕਣਕ ਦੀ ਕਟਾਈ ਮਗਰੋਂ ਨਾੜ ਨੂੰ ਅੱਗ ਲਾਈ ਹੋਈ ਸੀ। ਨਾੜ ਦੀ ਅੱਗ ਨੇ ਝੁੱਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਅੱਤ ਦੀ ਗਰਮੀ ਵਿੱਚ ਕੁਝ ਦੇਰ ਵਿੱਚ ਅੱਗ ਨੇ ਸਾਰੀ ਝੁੱਗੀਆਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ। ਉਥੇ ਰਹਿ ਰਹੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਭਾਜੜਾਂ ਦੌਰਾਨ ਇਕ ਝੁੱਗੀ ਵਿੱਚ ਖੇਡ ਰਹੀ ਡੇਢ ਸਾਲ ਦੀ ਬੱਚੀ ਦੀ ਅੱਗ ਵਿੱਚ ਸੜ ਕੇ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਡੇਢ ਸਾਲ ਦੀ ਰੁਪਾਲੀ ਪੁੱਤਰੀ ਰਾਮਬੀਰ ਅਤੇ ਮਾਤਾ ਚਾਂਦਨੀ ਦੇ ਰੂਪ ਵਿੱਚ ਹੋਈ ਹੈ, ਜੋ ਦੋਵੇਂ ਆਪਣੇ ਕੰਮ ’ਤੇ ਗਏ ਹੋਏ ਸੀ।

ਇਸ ਤੋਂ ਇਲਾਵਾ ਇਕ ਤਿੰਨ ਸਾਲ ਦੀ ਬੱਚੀ ਹੋਰ ਬੁਰੀ ਤਰਾਂ ਝੁਲਸ ਗਈ ਜਿਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅੱਗ ਦੀ ਸੂਚਨਾ ਮਿਲਣ ਮਗਰੋਂ ਹਰਿਆਣਾ ਦੇ ਪੰਚਕੂਲਾ, ਰਾਮਗੜ੍ਹ ਅਤੇ ਡੇਰਾਬੱਸੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਕਰੀਬਨ ਸਾਢੇ ਛੇਂ ਵਜੇ ਤੱਕ ਤਿੰਨ ਘੰਟੇ ਦੀ ਮਸ਼ਕਤ ਮਗਰੋਂ ਅੱਗ ’ਤੇ ਕਾਬੂ ਪਾਇਆ।

ਅੱਗ ਨਾਲ ਸਾਰੀ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਮੌਕੇ ’ਤੇ ਝੁੱਗੀਆਂ ਸੜਨ ਮਗਰੋਂ ਉਥੇ ਰਹਿ ਰਹੇ ਲੋਕ ਸਹਿਮੇ ਹੋਏ ਸੀ ਜਿਨ੍ਹਾਂ ਦੇ ਘਰ ਸੜ ਜਾਣ ਨਾਲ ਉਨ੍ਹਾਂ ਨੂੰ ਚਿੰਤਾ ਸਤਾ ਰਹੀ ਸੀ ਕਿ ਹੁਣ ਉਹ ਅੱਤ ਦੀ ਗਰਮੀ ਵਿੱਚ ਕਿਥੇ ਰਹਿਣਗੇ। ਇਹ ਸਾਰੇ ਵਿਅਕਤੀ ਨੇੜੇ ਦੀਆਂ ਫੈਕਟਰੀਆਂ ਅਤੇ ਖੇਤਾਂ ਵਿੱਚ ਦਿਹਾੜੀ ਕਰਦੇ ਸਨ।

ਫਾਇਰ ਅਫਸਰ ਬਲਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਝੁੱਗੀਆਂ ਨੇੜੇ ਨੇੜੇ ਵਸੀ ਹੋਣ ਕਾਰਨ ਸਾਰੀ ਝੁੱਗੀਆਂ ਸੜ ਗਈਆਂ।

Posted By: Jagjit Singh