ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਅੱਜ ਮੀਡੀਆ ਨੂੰ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਕੱਲ੍ਹ ਹੋਣ ਵਾਲੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਹੋਣ ਵਾਲੇ ਟੀ-20 ਕ੍ਰਿਕਟ ਮੈਚ ਲਈ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਵਿਆਪਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।

ਰਣਜੀਤ ਸਿੰਘ ਰਾਣਾ ਐੱਸਏਐੱਸ ਨਗਰ : ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਅੱਜ ਮੀਡੀਆ ਨੂੰ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਕੱਲ੍ਹ ਹੋਣ ਵਾਲੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਹੋਣ ਵਾਲੇ ਟੀ-20 ਕ੍ਰਿਕਟ ਮੈਚ ਲਈ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਵਿਆਪਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਟੇਡੀਅਮ ਦੀ ਲਗਪਗ 35 ਹਜ਼ਾਰ ਦਰਸ਼ਕ ਸਮਰੱਥਾ ਦੇ ਮੁਕਾਬਲੇ ਵੱਡੀ ਗਿਣਤੀ ਦੇ ਆਉਣ ਦੇ ਮੱਦੇਨਜ਼ਰ, ਮੈਚ ਦੇ ਸੁਚੱਜੇ ਆਯੋਜਨ ਲਈ ਪੂਰੀ ਤਰ੍ਹਾਂ ਮਜ਼ਬੂਤ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ। ਇਸ ਡਿਊਟੀ ਲਈ ਲਗਭਗ 3,000 ਪੁਲਿਸ ਕਰਮਚਾਰੀ, ਇੱਕ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਅਤੇ ਦੋ ਅਸਿਸਟੈਂਟ ਇੰਸਪੈਕਟਰ ਜਨਰਲ (ਏਆਈਜੀ) ਦੀ ਅਗਵਾਈ ਹੇਠ, 80 ਐੱਸਪੀ, ਡੀਐੱਸਪੀ ਅਤੇ ਹੋਰ ਗਜ਼ਟਿਡ ਅਧਿਕਾਰੀਆਂ ਤਾਇਨਾਤ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਡੀਆਈਜੀ ਰੂਪਨਗਰ ਰੇਂਜ ਨਾਨਕ ਸਿੰਘ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਐੱਸਏਐੱਸ ਨਗਰ ਹਰਮਨਦੀਪ ਸਿੰਘ ਹਾਂਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾਵੇਗੀ।
ਦਰਸ਼ਕਾਂ ਲਈ ਸੁਚੱਜੀ ਆਵਾਜਾਈ ਅਤੇ ਜਾਮ ਤੋਂ ਬਚਣ ਲਈ ਹੇਠ ਲਿਖੇ ਟ੍ਰੈਫਿਕ ਡਾਈਵਰਸ਼ਨ ਅਤੇ ਰਸਤੇ ਨਿਰਧਾਰਤ ਕੀਤੇ ਗਏ ਹਨ:
1. ਦੱਖਣ ਮਾਰਗ ਤੋਂ
ਮੁੱਲਾਂਪੁਰ-ਚੰਡੀਗੜ੍ਹ ਬੈਰੀਅਰ ਤੋਂ ਖੱਬੇ ਮੁੜਕੇ ਬੱਦੀ-ਕੁਰਾਲੀ ਰੋਡ ਵੱਲ ਜਾਇਆ ਜਾਵੇ। ਓਮੈਕਸ ਸ਼ਿਪ ਬਿਲਡਿੰਗ ਨੇੜੇ ਖੱਬੇ ਮੁੜਕੇ ਪੀਆਰ-7 (ਏਅਰਪੋਰਟ ਰੋਡ) ਲਿਆ ਜਾਵੇ ਅਤੇ ਉਥੋਂ ਖੱਬੇ ਮੁੜਕੇ ਸਟੇਡੀਅਮ ਰੋਡ ਵੱਲ ਜਾਇਆ ਜਾਵੇ।
ਇਸ ਤੋਂ ਇਲਾਵਾ, ਬੱਦੀ-ਕੁਰਾਲੀ ਰੋਡ ‘ਤੇ ਅੱਗੇ ਵਧਦੇ ਹੋਏ ਈਕੋ ਸਿਟੀ-1 ਟਾਊਨਸ਼ਿਪ ਨੇੜੇ ਖੱਬੇ ਮੁੜਕੇ ਪੀਆਰ-6 ਰੋਡ ਰਾਹੀਂ ਸਟੇਡੀਅਮ ਰੋਡ ਤੱਕ ਪਹੁੰਚਿਆ ਜਾ ਸਕਦਾ ਹੈ।
2. ਏਅਰਪੋਰਟ ਰੋਡ ਤੋਂ
ਜੇਕਰ ਬੱਦੀ/ਕੁਰਾਲੀ ਵੱਲੋਂ ਆ ਰਹੇ ਹੋ ਤਾਂ ਪੀਆਰ-7 ਰੋਡ ‘ਤੇ ਸਿੱਧੇ ਚੱਲਦੇ ਹੋਏ ਸੱਜੇ ਮੁੜਕੇ ਸਟੇਡੀਅਮ ਰੋਡ ਵੱਲ ਜਾਇਆ ਜਾਵੇ।
ਕੁਰਾਲੀ ਵੱਲੋਂ ਆਉਣ ਵਾਲੇ ਵੀ ਸੱਜੇ ਮੁੜਕੇ ਸਟੇਡੀਅਮ ਰੋਡ ਵੱਲ ਜਾ ਸਕਦੇ ਹਨ।
3. ਪੀਜੀਆਈ ਮੱਧ ਮਾਰਗ ਤੋਂ
ਸਿੱਧਾ ਬੱਦੀ-ਕੁਰਾਲੀ ਰੋਡ ਵੱਲ ਜਾ ਕੇ ਖੱਬੇ ਮੁੜਕੇ ਪੀਆਰ-7 (ਏਅਰਪੋਰਟ ਰੋਡ) ‘ਤੇ ਜਾਇਆ ਜਾਵੇ ਅਤੇ ਉਥੋਂ ਖੱਬੇ ਮੁੜਕੇ ਸਟੇਡੀਅਮ ਰੋਡ ਵੱਲ।
ਵਿਕਲਪ ਵਜੋਂ, ਮੱਲਾਂਪੁਰ-ਚੰਡੀਗੜ੍ਹ ਬੈਰੀਅਰ ਤੋਂ ਕੁਰਾਲੀ ਵੱਲ ਖੱਬੇ ਮੁੜਕੇ ਅਤੇ ਈਕੋ ਸਿਟੀ-1 ਟਾਊਨਸ਼ਿਪ ਨੇੜੇ ਖੱਬੇ ਮੁੜਕੇ ਪੀ. ਆਰ.-6 ਰੋਡ ਰਾਹੀਂ ਸਟੇਡੀਅਮ ਪਹੁੰਚਿਆ ਜਾ ਸਕਦਾ ਹੈ।
ਸਪੈਸ਼ਲ ਡੀਜੀਪੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਸਲਾਹ ਦੀ ਪਾਲਣਾ ਕਰਨ, ਪੁਲਿਸ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਸਟੇਡੀਅਮ ਪਹੁੰਚਣ। ਉਨ੍ਹਾਂ ਦੁਹਰਾਇਆ ਕਿ ਦਰਸ਼ਕਾਂ ਦੀ ਸੁਰੱਖਿਆ ਅਤੇ ਸੁਚੱਜੀ ਆਵਾਜਾਈ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ।