Mohali News : ਰਾਣਾ ਬਲਾਚੌਰੀਆ ਹੱਤਿਆ ਕਾਂਡ ਦੇ ਮੁਲਜ਼ਮ ਨੇ ਪੁਲਿਸ ’ਤੇ ਕੀਤੀ ਫਾਇਰਿੰਗ, ਮੁਕਾਬਲੇ ’ਚ ਢੇਰ
ਜਵਾਬੀ ਫਾਇਰਿੰਗ ’ਚ ਗੋਲ਼ੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਾਲ ਹੀ ਵਿਚ ਪੁਲਿਸ ਨੇ ਕਰਣ ਨੂੰ ਸੋਹਾਨਾ ’ਚ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ’ਚ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਸੀ।
Publish Date: Sat, 17 Jan 2026 10:12 PM (IST)
Updated Date: Sat, 17 Jan 2026 11:31 PM (IST)
ਸਟਾਫ ਰਿਪੋਰਟਰ, ਮੋਹਾਲੀ : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਹੱਤਿਆ ਕਾਂਡ ’ਚ ਪੁਲਿਸ ਨੇ ਸ਼ਨਿਚਰਵਾਰ ਸਵੇਰੇ ਪਿੰਡ ਰੁੜਕੀ ਖਾਮ ਨੇੜੇ ਮੁਕਾਬਲੇ ’ਚ ਮੁਲਜ਼ਮ ਕਰਣ ਪਾਠਕ ਉਰਫ ਡਿਫਾਲਟਰ ਨੂੰ ਮੁਕਾਬਲੇ ’ਚ ਢੇਰ ਕਰ ਦਿੱਤਾ। ਮੁਲਜ਼ਮ ਨੇ ਪਹਿਲਾਂ ਪੁਲਿਸ ਟੀਮ ’ਤੇ .30 ਬੋਰ ਦੀ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ’ਚ ਗੋਲ਼ੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਾਲ ਹੀ ਵਿਚ ਪੁਲਿਸ ਨੇ ਕਰਣ ਨੂੰ ਸੋਹਾਨਾ ’ਚ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ’ਚ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਸੀ।
ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ’ਚ ਗ੍ਰਿਫ਼ਤਾਰ ਤਿੰਨਾਂ ਮੁਲਜ਼ਮਾਂ ਨੂੰ ਸੁਰੱਖਿਆ ਦੇ ਤੌਰ ’ਤੇ ਸੀਆਈਏ ’ਚ ਰੱਖਿਆ ਗਿਆ ਸੀ। ਸ਼ੁੱਕਰਵਾਰ ਰਾਤ ਕਰਣ ਨੇ ਛਾਤੀ ’ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਤੇ ਤਿੰਨ ਪੁਲਿਸ ਮੁਲਾਜ਼ਮ ਉਸ ਨੂੰ ਗੱਡੀ ’ਚ ਹਸਪਤਾਲ ਲਿਜਾਣ ਲਈ ਨਿਕਲੇ ਸਨ। ਰਸਤੇ ’ਚ ਉਸ ਨੇ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਜਿਸ ਕਾਰਨ ਪੁਲਿਸ ਦੀ ਗੱਡੀ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਗਈ। ਇਸੇ ਦੌਰਾਨ ਕਰਣ ਪੁਲਿਸ ਮੁਲਾਜ਼ਮਾਂ ਨਾਲ ਮਾਰਕੁੱਟ ਕਰਦੇ ਹੋਏ ਹਥਕੜੀ ਛੁਡਾ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਹੀ ਵਿਸ਼ੇਸ਼ ਟੀਮ ਬਣਾ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੂੰ ਕਰਣ ਦੇ ਪਿੰਡ ਰੁੜਕੀ ਦੇ ਨੇੜੇ ਹੋਣ ਦੀ ਸੂਚਨਾ ਮਿਲੀ। ਪੁਲਿਸ ਨੇ ਉਸ ਨੂੰ ਘੇਰਿਆ ਤਾਂ ਮੁਲਜ਼ਮ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਮੁਲਜ਼ਮ ਨੇ ਪੁਲਿਸ ਟੀਮ ’ਤੇ ਛੇ ਤੋਂ ਸੱਤ ਫਾਇਰ ਕੀਤੇ ਜਿਸ ਨਾਲ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਮੁਲਜ਼ਮ ਕੋਲੋਂ .30 ਬੋਰ ਦੀ ਪਿਸਤੌਲ ਬਰਾਮਦ ਹੋਈ। ਪਿਸਤੌਲ ਕਿੱਥੋਂ ਮਿਲੀ ਤੇ ਕਿਸ ਨੇ ਮੁਹੱਈਆ ਕਰਾਈ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਬਲਾਚੌਰੀਆ ਹੱਤਿਆ ਕਾਂਡ ’ਚ ਪੁਲਿਸ ਨੇ ਹੁਣ ਤੱਕ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਦੇਸ਼ ’ਚ ਬੈਠੇ ਗੈਂਗਸਟਰ ਬਲਵਿੰਦਰ ਉਰਫ ਡੋਨੀ ਬੱਲ, ਅਮਰਜੀਤ ਸਿੰਘ ਤੇ ਖੱਬਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਤਿੰਨਾਂ ਮੁਲਜ਼ਮਾਂ ਨੂੰ ਪਿਛਲੇ ਦਿਨੀਂ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ’ਚ ਡਿਫਾਲਟਰ ਵੀ ਸ਼ਾਮਲ ਸੀ।