ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਸਰਜਰੀ ਤੋਂ ਪਹਿਲਾਂ ਐਕਸ-ਰੇਅ ਅਤੇ ਡੈਕਸਾ ਸਕੈਨ ਵਰਗੇ ਟੈਸਟ ਜ਼ਰੂਰੀ ਸਨ। ਮਰੀਜ਼ ਦੀ ਉਮਰ, ਸ਼ੂਗਰ ਦੀ ਬਿਮਾਰੀ ਅਤੇ ਪਹਿਲਾਂ ਹੋਈਆਂ ਸਰਜਰੀਆਂ ਨੂੰ ਦੇਖਦੇ ਹੋਏ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਸੀ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : 74 ਸਾਲਾ ਬਜ਼ੁਰਗ ਦੇ ਇਲਾਜ ਵਿਚ ਕਥਿਤ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਉਪਭੋਗਤਾ ਕਮਿਸ਼ਨ ਨੇ ਮੁਹਾਲੀ ਦੇ ਮੈਕਸ ਹਸਪਤਾਲ ਅਤੇ ਸਰਜਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਮਿਸ਼ਨ ਨੇ ਪਾਇਆ ਕਿ ਜ਼ਰੂਰੀ ਜਾਂਚ ਕੀਤੇ ਬਿਨਾਂ ਹੀ ਆਪ੍ਰੇਸ਼ਨ ਕਰ ਦਿੱਤਾ ਗਿਆ, ਜਿਸ ਕਾਰਨ ਮਰੀਜ਼ ਦੀ ਹਾਲਤ ’ਚ ਸੁਧਾਰ ਆਉਣ ਦੀ ਬਜਾਏ ਹੋਰ ਵਿਗੜਦੀ ਗਈ। ਤਿੰਨ ਵਾਰ ਹਸਪਤਾਲ ਦਾਖ਼ਲ ਹੋਣ ਅਤੇ ਦੁਬਾਰਾ ਸਰਜਰੀ ਦੇ ਬਾਵਜੂਦ ਮਰੀਜ਼ ਨੂੰ ਕੋਈ ਰਾਹਤ ਨਹੀਂ ਮਿਲੀ। ਇਸ ਪੂਰੇ ਘਟਨਾਕ੍ਰਮ ਨੂੰ ਸੇਵਾ ਵਿਚ ਘਾਟ ਅਤੇ ਗ਼ਲਤ ਵਪਾਰਕ ਤਰੀਕਾ ਮੰਨਦਿਆਂ ਕਮਿਸ਼ਨ ਨੇ ਹਸਪਤਾਲ ਨੂੰ ਵਿੱਤੀ ਭਰਪਾਈ ਅਤੇ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-40ਏ ਦੀ ਵਸਨੀਕ ਕ੍ਰਿਸ਼ਨਾ ਰਾਣੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਪਤੀ ਨੂੰ ਮਾਰਚ 2020 ਵਿਚ ਕਮਰ ਦਰਦ ਅਤੇ ਨਸ ਦਬਣ ਦੀ ਸਮੱਸਿਆ ਦੇ ਇਲਾਜ ਲਈ ਮੈਕਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। 21 ਮਾਰਚ ਨੂੰ ਸਰਜਰੀ ਕੀਤੀ ਗਈ ਪਰ ਹਾਲਤ ਸੁਧਰਨ ਦੀ ਬਜਾਏ ਹੋਰ ਖ਼ਰਾਬ ਹੋ ਗਈ। ਛੁੱਟੀ ਮਿਲਣ ਦੇ ਅਗਲੇ ਹੀ ਦਿਨ ਉਨ੍ਹਾਂ ਨੂੰ ਦੁਬਾਰਾ ਦਾਖ਼ਲ ਕਰਨਾ ਪਿਆ। ਇਸ ਤੋਂ ਬਾਅਦ ਤੀਜੀ ਵਾਰ ਵੀ ਆਪ੍ਰੇਸ਼ਨ ਕਰਨਾ ਪਿਆ ਕਿਉਂਕਿ ਪਹਿਲਾਂ ਪਾਏ ਗਏ ਸਕਰਿਊ ਢਿੱਲੇ ਅਤੇ ਗ਼ਲਤ ਸਥਿਤੀ ਵਿਚ ਪਾਏ ਗਏ ਸਨ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਹਸਪਤਾਲ ਨੇ ਆਪ੍ਰੇਸ਼ਨ ਤੋਂ ਪਹਿਲਾਂ ਹੱਡੀਆਂ ਦੀ ਮਜ਼ਬੂਤੀ ਦੀ ਜਾਂਚ ਲਈ ਲੋੜੀਂਦੇ ਟੈੱਸਟ ਨਹੀਂ ਕੀਤੇ। ਕਮਿਸ਼ਨ ਨੇ ਰਿਕਾਰਡ ਦੇਖਣ ਤੋਂ ਬਾਅਦ ਪਾਇਆ ਕਿ ਇਕ ਸਾਲ ਪੁਰਾਣੀ ਰਿਪੋਰਟ ਦੇ ਆਧਾਰ ’ਤੇ ਹੀ ਮਰੀਜ਼ ਦੀ ਸਰਜਰੀ ਕਰ ਦਿੱਤੀ ਗਈ ਸੀ, ਜਦੋਂਕਿ ਤਾਜ਼ਾ ਜਾਂਚ ਬਹੁਤ ਜ਼ਰੂਰੀ ਸੀ। ਆਪ੍ਰੇਸ਼ਨ ਦੇ ਕੁਝ ਹੀ ਦਿਨਾਂ ਵਿਚ ਸਕਰਿਊ ਦਾ ਖਿਸਕਣਾ ਅਤੇ ਹੱਡੀਆਂ ਦਾ ਨੁਕਸਾਨ ਇਸ ਗੱਲ ਦਾ ਸੰਕੇਤ ਹੈ ਕਿ ਪਹਿਲਾਂ ਸਹੀ ਮੁਲਾਂਕਣ ਨਹੀਂ ਕੀਤਾ ਗਿਆ ਸੀ।
ਕਮਿਸ਼ਨ ਨੇ ਮੰਨਿਆ ਕਿ ਪਹਿਲੀ ਸਰਜਰੀ ਅਸਫਲ ਰਹਿਣ ਕਾਰਨ ਹੀ ਦੂਜੀ ਸਰਜਰੀ ਕਰਨੀ ਪਈ ਅਤੇ ਇਸ ਲਈ ਦੁਬਾਰਾ ਫੀਸ ਲੈਣਾ 'ਅਨੁਚਿਤ ਵਪਾਰ' ਹੈ। ਇਸੇ ਆਧਾਰ ’ਤੇ ਅਦਾਲਤ ਨੇ ਮਰੀਜ਼ ਨੂੰ 3.25 ਲੱਖ ਰੁਪਏ 9 ਫ਼ੀਸਦੀ ਵਿਆਜ ਸਮੇਤ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਇਕ ਲੱਖ ਰੁਪਏ ਮਾਨਸਿਕ ਪਰੇਸ਼ਾਨੀ ਲਈ ਮੁਆਵਜ਼ਾ ਅਤੇ 50 ਹਜ਼ਾਰ ਰੁਪਏ ਮੁਕੱਦਮੇ ਦੇ ਖਰਚੇ ਵਜੋਂ ਦੇਣ ਲਈ ਕਿਹਾ ਗਿਆ ਹੈ।
ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਸਰਜਰੀ ਤੋਂ ਪਹਿਲਾਂ ਐਕਸ-ਰੇਅ ਅਤੇ ਡੈਕਸਾ ਸਕੈਨ ਵਰਗੇ ਟੈਸਟ ਜ਼ਰੂਰੀ ਸਨ। ਮਰੀਜ਼ ਦੀ ਉਮਰ, ਸ਼ੂਗਰ ਦੀ ਬਿਮਾਰੀ ਅਤੇ ਪਹਿਲਾਂ ਹੋਈਆਂ ਸਰਜਰੀਆਂ ਨੂੰ ਦੇਖਦੇ ਹੋਏ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਸੀ।
ਮਰੀਜ਼ ਨੂੰ 19 ਮਾਰਚ ਤੋਂ 6 ਅਪ੍ਰੈਲ 2020 ਦਰਮਿਆਨ ਤਿੰਨ ਵਾਰ ਦਾਖ਼ਲ ਕਰਨਾ ਪਿਆ। ਜੇਕਰ ਪਹਿਲੀ ਵਾਰ ਸਹੀ ਯੋਜਨਾਬੰਦੀ ਹੋਈ ਹੁੰਦੀ ਤਾਂ ਦੁਬਾਰਾ ਸਰਜਰੀ ਦੀ ਲੋੜ ਨਹੀਂ ਸੀ ਪੈਣੀ। ਪਹਿਲੀ ਸਰਜਰੀ ਦੀ ਕਮੀ ਨੂੰ ਸੁਧਾਰਨ ਲਈ ਕੀਤੀ ਗਈ ਦੂਜੀ ਸਰਜਰੀ ਦੇ ਪੈਸੇ ਮਰੀਜ਼ ਤੋਂ ਲੈਣਾ ਗਲਤ ਮੰਨਿਆ ਗਿਆ ਹੈ।
ਫੋਟੋ ਕੈਪਸ਼ਨ: ਮੈਕਸ ਹਸਪਤਾਲ ਦੀ ਇਮਾਰਤ। 36ਪੀ