ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਦੋਵਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣਾ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਤਹਿਤ ਦੋਸ਼ੀ ਪਾਇਆ। ਅਦਾਲਤ ਨੇ ਮੰਨਿਆ ਕਿ ਇਨ੍ਹਾਂ ਦੋਵਾਂ ਨੇ ਮਿਲ ਕੇ ਈਟੀਓ ਰਣਜੀਤ ਸਿੰਘ ਨੂੰ ਰਿਸ਼ਵਤਖੋਰੀ ਦੇ ਇਕ ਝੂਠੇ ਕੇਸ ਵਿਚ ਫਸਾਇਆ ਸੀ, ਜਿਸ ਕਾਰਨ ਮਾਨਸਿਕ ਸਦਮੇ ਕਰਕੇ ਰਣਜੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਸਾਲ 2011 ਦੇ ਬਹੁ-ਚਰਚਿਤ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ (ਈਟੀਓ) ਰਣਜੀਤ ਸਿੰਘ ਖੁਦਕੁਸ਼ੀ ਮਾਮਲੇ ਵਿਚ ਮੁਹਾਲੀ ਦੀ ਸੈਸ਼ਨ ਅਦਾਲਤ ਨੇ ਇਕ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਪੰਜਾਬ ਪੁਲਿਸ ਦੀ ਸਾਬਕਾ ਵਿਜੀਲੈਂਸ ਐੱਸਪੀ ਅਮਨਦੀਪ ਕੌਰ ਅਤੇ ਕਾਰੋਬਾਰੀ ਰਾਜਿੰਦਰ ਸਿੰਘ ਗੋਪੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 3-3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਤੇ 10-10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਦੋਵਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣਾ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਤਹਿਤ ਦੋਸ਼ੀ ਪਾਇਆ। ਅਦਾਲਤ ਨੇ ਮੰਨਿਆ ਕਿ ਇਨ੍ਹਾਂ ਦੋਵਾਂ ਨੇ ਮਿਲ ਕੇ ਈਟੀਓ ਰਣਜੀਤ ਸਿੰਘ ਨੂੰ ਰਿਸ਼ਵਤਖੋਰੀ ਦੇ ਇਕ ਝੂਠੇ ਕੇਸ ਵਿਚ ਫਸਾਇਆ ਸੀ, ਜਿਸ ਕਾਰਨ ਮਾਨਸਿਕ ਸਦਮੇ ਕਰਕੇ ਰਣਜੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ।
ਇਸ ਮਾਮਲੇ ਵਿਚ ਇਕ ਹੋਰ ਸਹਿ-ਦੋਸ਼ੀ ਪਰਮਜੀਤ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ, ਜਦਕਿ ਦੋ ਹੋਰ ਮੁਲਜ਼ਮਾਂ ਦੀ ਟਰਾਇਲ ਦੌਰਾਨ ਮੌਤ ਹੋ ਚੁੱਕੀ ਹੈ। ਮ੍ਰਿਤਕ ਈਟੀਓ ਦੀ ਪਤਨੀ ਮਨਜੀਤ ਕੌਰ ਵੱਲੋਂ ਸੀਨੀਅਰ ਐਡਵੋਕੇਟ ਆਰਐੱਸ ਬੈਂਸ ਅਤੇ ਐਡਵੋਕੇਟ ਗੁਰਮੀਤ ਸਿੰਘ ਅਦਾਲਤ ਵਿਚ ਪੇਸ਼ ਹੋਏ।
ਰਿਸ਼ਵਤ ਦੇ ਝੂਠੇ ਕੇਸ ’ਚ ਗ੍ਰਿਫ਼ਤਾਰੀ ਮਗਰੋਂ ਕੀਤੀ ਸੀ ਖੁਦਕੁਸ਼ੀ
ਇਹ ਪੂਰਾ ਮਾਮਲਾ ਅਪ੍ਰੈਲ 2011 ਦਾ ਹੈ, ਜਦੋਂ ਮੁਹਾਲੀ ਦੇ ਫੇਜ਼-2 ਵਿਚ ਰਹਿਣ ਵਾਲੇ ਈਟੀਓ ਰਣਜੀਤ ਸਿੰਘ ਨੇ 23 ਅਪ੍ਰੈਲ 2011 ਨੂੰ ਆਪਣੇ ਘਰ ਵਿਚ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਪਹਿਲਾਂ 29 ਮਾਰਚ 2011 ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ ਮੁਹਾਲੀ ਦੇ ਬਸੀ ਸਿਨੇਮਾ ਨੇੜੇ ਕਾਰੋਬਾਰੀ ਰਾਜਿੰਦਰ ਸਿੰਘ ਗੋਪੀ ਦੇ ਟਰੱਕ ਅਤੇ ਸਾਮਾਨ ਨੂੰ ਛੱਡਣ ਬਦਲੇ ਕਥਿਤ ਤੌਰ 'ਤੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਰਣਜੀਤ ਸਿੰਘ ਨੂੰ ਕੁਝ ਹੀ ਦਿਨਾਂ ਵਿਚ ਜ਼ਮਾਨਤ ਮਿਲ ਗਈ ਸੀ, ਪਰ ਝੂਠੇ ਕੇਸ ਦੇ ਕਲੰਕ ਕਾਰਨ ਉਹ ਮਾਨਸਿਕ ਤਣਾਅ ਵਿਚ ਚਲੇ ਗਏ ਅਤੇ ਉਨ੍ਹਾਂ ਨੇ ਮੌਤ ਨੂੰ ਗਲੇ ਲਗਾ ਲਿਆ।
ਸਰਕਾਰੀ ਜਾਂਚ ਵਿਚ ਖੁੱਲ੍ਹੀ ਸੀ ਸਾਜ਼ਿਸ਼ ਦੀ ਪੋਲ
ਇਸ ਗ੍ਰਿਫ਼ਤਾਰੀ ਅਤੇ ਖੁਦਕੁਸ਼ੀ ਤੋਂ ਬਾਅਦ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਤਿੱਖਾ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਸੀ ਕਿ ਰਣਜੀਤ ਸਿੰਘ ਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ।
ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਗਈ। ਇਸ ਕਮੇਟੀ ਨੇ ਆਪਣੀ ਰਿਪੋਰਟ ਵਿਚ ਸਾਫ਼ ਕੀਤਾ ਕਿ ਤਤਕਾਲੀ ਵਿਜੀਲੈਂਸ ਐੱਸਪੀ ਅਮਨਦੀਪ ਕੌਰ ਅਤੇ ਉਨ੍ਹਾਂ ਦੇ ਰੀਡਰ ਹੈੱਡ ਕਾਂਸਟੇਬਲ ਹਰਮਿੰਦਰ ਸਿੰਘ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਅਤੇ ਟਰੱਕ ਮਾਲਕ ਰਾਜਿੰਦਰ ਸਿੰਘ ਗੋਪੀ ਨਾਲ ਮਿਲ ਕੇ ਈਟੀਓ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਸਾਜ਼ਿਸ਼ ਰਚੀ।
ਪਤਨੀ ਨੇ ਲੜੀ 15 ਸਾਲ ਲੰਬੀ ਕਾਨੂੰਨੀ ਲੜਾਈ
ਜਾਂਚ ਰਿਪੋਰਟ ਆਉਣ ਦੇ ਬਾਵਜੂਦ ਜਦੋਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ, ਤਾਂ ਈਟੀਓ ਰਣਜੀਤ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਇਨਸਾਫ਼ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਪ੍ਰੈਲ 2012 ਵਿਚ ਮੁਹਾਲੀ ਅਦਾਲਤ ਦੇ ਨਿਰਦੇਸ਼ਾਂ 'ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ। ਇਸ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਚਾਰਜਸ਼ੀਟ ਦਾਖ਼ਲ ਕੀਤੀ ਅਤੇ ਮੁਕੱਦਮਾ ਸ਼ੁਰੂ ਹੋਇਆ।
ਸਜ਼ਾ ਪਾਉਣ ਵਾਲੀ ਮਹਿਲਾ ਅਧਿਕਾਰੀ ਅਮਨਦੀਪ ਕੌਰ ਨੂੰ ਪਹਿਲਾਂ ਜ਼ਮਾਨਤ ਮਿਲ ਗਈ ਸੀ ਅਤੇ ਉਸਦੀ ਮੁਅੱਤਲੀ ਰੱਦ ਕਰਕੇ ਉਸਨੂੰ ਪੰਜਾਬ ਪੁਲਿਸ ਵਿਚ ਦੁਬਾਰਾ ਬਹਾਲ ਕਰ ਦਿੱਤਾ ਗਿਆ ਸੀ, ਜਿੱਥੇ ਉਹ ਮੌਜੂਦਾ ਸਮੇਂ ਸੇਵਾ ਨਿਭਾ ਰਹੀ ਸੀ।
ਇਨਸਾਫ਼ ਦੀ ਜਿੱਤ : ਇਕ ਮਿਸਾਲੀ ਫ਼ੈਸਲਾ
ਲਗਭਗ 15 ਸਾਲਾਂ ਤੱਕ ਚੱਲੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਇਆ ਇਹ ਫ਼ੈਸਲਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਸ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਕਿਸੇ ਬੇਕਸੂਰ ਨੂੰ ਝੂਠੇ ਕੇਸ ਵਿਚ ਫਸਾਉਣ ਵਾਲੇ ਸਰਕਾਰੀ ਅਧਿਕਾਰੀ ਕਾਨੂੰਨ ਦੀ ਪਕੜ ਤੋਂ ਬਚ ਨਹੀਂ ਸਕਦੇ। ਪੀੜਤ ਪਰਿਵਾਰ ਦੇ ਅਣਥੱਕ ਸੰਘਰਸ਼ ਸਦਕਾ ਅੱਜ ਸਵ. ਰਣਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ।