ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਮਜੀਠੀਆ 'ਤੇ ਤੈਅ ਨਹੀਂ ਹੋ ਸਕੇ ਦੋਸ਼, ਹੁਣ ਅਗਲੇ ਸਾਲ ਹੋਵੇਗੀ ਸੁਣਵਾਈ
ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ ਇਸ ਮਾਮਲੇ ਵਿਚ ਮੁਹਾਲੀ ਅਦਾਲਤ ਵਿਚ ਚਾਲਾਨ ਪੇਸ਼ ਕੀਤਾ ਸੀ। ਜਾਂਚ ਏਜੰਸੀ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਇੰਨੀ ਵਿਸ਼ਾਲ ਹੈ ਕਿ ਇਸ ਨੂੰ 4 ਵੱਡੇ ਟਰੰਕਾਂ ਵਿਚ ਲੱਦ ਕੇ ਅਦਾਲਤ ਲਿਆਂਦਾ ਗਿਆ ਸੀ।
Publish Date: Wed, 24 Dec 2025 08:33 AM (IST)
Updated Date: Wed, 24 Dec 2025 08:35 AM (IST)
ਜੀਐੱਸ ਸੰਧੂ, ਐੱਸਏਐੱਸ ਨਗਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਮੰਗਲਵਾਰ ਨੂੰ ਮੁਹਾਲੀ ਅਦਾਲਤ ਵਿਚ ਅਹਿਮ ਸੁਣਵਾਈ ਹੋਈ, ਹਾਲਾਂਕਿ ਕਾਰਵਾਈ ਦੌਰਾਨ ਮਜੀਠੀਆ ਵਿਰੁੱਧ ਦੋਸ਼ ਤੈਅ ਨਹੀਂ ਹੋ ਸਕੇ। ਅਦਾਲਤ ਨੇ ਹੁਣ ਇਸ ਪ੍ਰਕਿਰਿਆ ਲਈ ਅਗਲੇ ਸਾਲ 3 ਜਨਵਰੀ ਦੀ ਤਰੀਕ ਨਿਸ਼ਚਿਤ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ ਇਸ ਮਾਮਲੇ ਵਿਚ ਮੁਹਾਲੀ ਅਦਾਲਤ ਵਿਚ ਚਾਲਾਨ ਪੇਸ਼ ਕੀਤਾ ਸੀ। ਜਾਂਚ ਏਜੰਸੀ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਇੰਨੀ ਵਿਸ਼ਾਲ ਹੈ ਕਿ ਇਸ ਨੂੰ 4 ਵੱਡੇ ਟਰੰਕਾਂ ਵਿਚ ਲੱਦ ਕੇ ਅਦਾਲਤ ਲਿਆਂਦਾ ਗਿਆ ਸੀ। ਇਸ ਕੇਸ ਵਿਚ ਵਿਜੀਲੈਂਸ ਨੇ 200 ਤੋਂ ਵੱਧ ਗਵਾਹ ਬਣਾਏ ਹਨ ਅਤੇ ਚਾਰਜਸ਼ੀਟ ਕੁੱਲ 40 ਹਜ਼ਾਰ ਤੋਂ ਵੱਧ ਪੰਨਿਆਂ ਦੀ ਹੈ। ਮਜੀਠੀਆ ਨੇ ਇਸ ਮਾਮਲੇ ਵਿਚ ਜ਼ਮਾਨਤ ਲਈ ਹਾਈ ਕੋਰਟ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਸੁਣਵਾਈ 19 ਜਨਵਰੀ 2026 ਨੂੰ ਹੋਣੀ ਤੈਅ ਹੋਈ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਮਜੀਠੀਆ ਨੂੰ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ।