ਚੰਡੀਗੜ੍ਹ 'ਚ ਹੰਗਾਮਾ: ਬੂੜੇਲ ਜੇਲ੍ਹ ਨੇੜੇ ਕਿਸਾਨਾਂ ਨੇ ਤੋੜੇ ਪੁਲਿਸ ਦੇ ਬੈਰੀਕੇਡ; ਸਥਿਤੀ ਨੂੰ ਕਾਬੂ ਕਰਨ ਲਈ ਚੱਲੀਆਂ ਜਲ ਤੋਪਾਂ
ਕਿਸਾਨਾਂ ਨੇ ਆਖਿਆ ਕਿ ਉਹ ਹਰ ਹਾਲ ਵਿੱਚ ਰੋਸ ਮਾਰਚ ਕਰਨਗੇ। ਨਾਲ ਹੀ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਇਹ ਪ੍ਰਦਰਸ਼ਨ ਬਿਲਕੁੱਲ ਸ਼ਾਂਤਮਈ ਤਰੀਕੇ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਪੁਲਿਸ ਰਾਹ ਰੋਕੇਗੀ ਕਿਸਾਨ ਮੌਕੇ 'ਤੇ ਹੀ ਅਗਲੇ ਐਕਸ਼ਨ ਬਾਰੇ ਫੈਸਲਾ ਲੈਣਗੇ।
Publish Date: Fri, 15 May 2026 12:28 PM (IST)
Updated Date: Fri, 15 May 2026 02:44 PM (IST)
ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ/ਮੁਹਾਲੀ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਵਿੱਚ ਪੰਜਾਬ ਦੇ ਹੱਕਾਂ 'ਤੇ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਅੱਜ ਜ਼ਬਰਦਸਤ ਹੰਗਾਮਾ ਹੋਇਆ। ਭਾਰਤੀ ਕਿਸਾਨ ਯੂਨੀਅਨ ਦੇ ਸੱਦੇ 'ਤੇ ਲੋਕ ਭਵਨ ਵੱਲ ਪੈਦਲ ਮਾਰਚ ਕਰ ਰਹੇ ਸੈਂਕੜੇ ਕਿਸਾਨਾਂ ਅਤੇ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਰਸਤੇ ਵਿੱਚ ਹੀ ਭਾਰੀ ਬੈਰੀਕੇਡਿੰਗ ਲਗਾ ਕੇ ਰੋਕ ਲਿਆ। ਇਸ ਦੌਰਾਨ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਜਲ ਤੋਪਾਂ ਦੀ ਵਰਤੋਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਿੱਚੋਂ 'ਮੈਂਬਰ ਸਿੰਚਾਈ' (Member Irrigation) ਦੀ ਅਹਿਮ ਪੋਸਟ ਨੂੰ ਖ਼ਤਮ ਕਰ ਦਿੱਤਾ ਗਿਆ ਹੈ, ਜਿਸ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਪੈਦਲ ਮਾਰਚ ਵਿੱਚ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਪਹੁੰਚੀਆਂ ਹਨ। ਜਿਸ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ ਅਤੇ ਹੋਰ ਪ੍ਰਮੁੱਖ ਕਿਸਾਨ ਆਗੂ ਕਰ ਰਹੇ ਹਨ।
ਕਿਸਾਨਾਂ ਨੇ ਦਿਖਾਇਆ ਤਿੱਖਾ ਰੋਸ, ਬੈਰੀਕੇਡ ਕੀਤੇ ਪਾਰ
ਪੰਜਾਬ ਰਾਜ ਭਵਨ ਵੱਲ ਕੂਚ ਕਰ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਚੰਡੀਗੜ੍ਹ-ਮੁਹਾਲੀ ਬਾਰਡਰ ਨੇੜੇ ਜ਼ਬਰਦਸਤ ਟਕਰਾਅ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੂੜੇਲ ਜੇਲ੍ਹ ਦੇ ਪਿੱਛੇ ਵਾਲੀ ਸੜਕ 'ਤੇ ਮਜ਼ਬੂਤ ਬੈਰੀਕੇਡ ਲਗਾ ਕੇ ਰਾਹ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਸੀ, ਜਿਸ ਨੂੰ ਗੁੱਸੇ ਵਿੱਚ ਆਏ ਕਿਸਾਨਾਂ ਨੇ ਤੋੜ ਦਿੱਤਾ।
ਜਿਵੇਂ ਹੀ ਕਿਸਾਨਾਂ ਦਾ ਵਿਸ਼ਾਲ ਰੋਸ ਮਾਰਚ ਬੂੜੇਲ ਜੇਲ੍ਹ ਦੇ ਪਿਛਲੇ ਪਾਸੇ ਪਹੁੰਚਿਆ ਤਾਂ ਉੱਥੇ ਭਾਰੀ ਪੁਲਿਸ ਫੋਰਸ ਤਾਇਨਾਤ ਦੇਖਣ ਨੂੰ ਮਿਲੀ। ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਉੱਥੇ ਹੀ ਰੁਕਣ ਲਈ ਕਿਹਾ, ਪਰ ਆਪਣੀਆਂ ਮੰਗਾਂ 'ਤੇ ਅੜੇ ਕਿਸਾਨ ਅੱਗੇ ਵਧਦੇ ਗਏ। ਇਸ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ।
ਸਥਿਤੀ ਨੂੰ ਬੇਕਾਬੂ ਹੁੰਦਾ ਦੇਖ ਪੁਲਿਸ ਨੇ ਕਿਸਾਨਾਂ ਨੂੰ ਪਿੱਛੇ ਧੱਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ। ਪੁਲਿਸ ਵੱਲੋਂ ਚਲਾਈਆਂ ਗਈਆਂ ਪਾਣੀ ਦੀਆਂ ਬੌਛਾਰਾਂ ਦੇ ਬਾਵਜੂਦ ਕਿਸਾਨ ਸੜਕ 'ਤੇ ਡਟੇ ਹਨ।