ਜਾਣਕਾਰੀ ਦੇ ਮੁਤਾਬਕ, ਇਹ ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਸਬਸਿਡੀਅਰੀ ਇੰਟੈਲੀਜੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ ਵੱਲੋਂ 24 ਮਾਰਚ 2026 ਨੂੰ ਪੰਜਾਬ ਪੁਲਿਸ ਨੂੰ ਇੱਕ ਗੁਪਤ ਇਨਪੁੱਟ ਭੇਜਿਆ ਗਿਆ।

ਅਖਿਲ ਵੋਹਰਾ, ਜਾਗਰਣ, ਮੋਹਾਲੀ: ਪੰਜਾਬ ਨਾਲ ਜੁੜੇ ਇਕ ਵੱਡੇ ਮਨੁੱਖ ਤਸਕਰੀ ਰੈਕੇਟ ਦਾ ਖੁਲਾਸਾ ਹੋਇਆ ਹੈ, ਜਿਸ ਨੇ ਦੇਸ਼ ਦੇ ਏਅਰਪੋਰਟ ਸੁਰੱਖਿਆ ਪ੍ਰਣਾਲੀ ਅਤੇ ਟ੍ਰੈਵਲ ਨੈੱਟਵਰਕ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸਟੇਟ ਕ੍ਰਾਇਮ ਪੁਲਿਸ ਸਟੇਸ਼ਨ ਮੋਹਾਲੀ ਨੇ ਇਸ ਮਾਮਲੇ ’ਚ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ 14 ਭਾਰਤੀ ਨਾਗਰਿਕਾਂ ਨੂੰ ਬਿਨਾਂ ਜਾਇਜ਼ ਵੀਜ਼ਾ ਦੇ ਕੇ ਯੂਨਾਈਟਿਡ ਕਿੰਗਡਮ (ਯੂਕੇ) ਭੇਜਣ ਨਾਲ ਜੁੜਿਆ ਹੈ, ਜਿੱਥੇ ਪਹੁੰਚ ਕੇ ਇਹਨਾਂ ਸਭ ਨੇ ਅਸਾਇਲਮ ਦੀ ਮੰਗ ਕਰ ਦਿੱਤੀ।
ਜਾਣਕਾਰੀ ਦੇ ਮੁਤਾਬਕ, ਇਹ ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਸਬਸਿਡੀਅਰੀ ਇੰਟੈਲੀਜੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ ਵੱਲੋਂ 24 ਮਾਰਚ 2026 ਨੂੰ ਪੰਜਾਬ ਪੁਲਿਸ ਨੂੰ ਇੱਕ ਗੁਪਤ ਇਨਪੁੱਟ ਭੇਜਿਆ ਗਿਆ। ਇਸ ਇਨਪੁੱਟ ’ਚ ਦੱਸਿਆ ਗਿਆ ਕਿ ਪੰਜਾਬ ਦੇ ਰਹਿਣ ਵਾਲੇ 14 ਲੋਕ ਜਨਵਰੀ 2026 ਦੌਰਾਨ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਫਲਾਈਟਾਂ ਏਆਈ-169 ਅਤੇ ਏਆਈ-117 ਰਾਹੀਂ ਯੂਕੇ ਰਵਾਨਾ ਹੋਏ, ਜਦਕਿ ਉਹਨਾਂ ਕੋਲ ਜਾਇਜ਼ ਵੀਜ਼ਾ ਨਹੀਂ ਸੀ। ਇਸਦੇ ਬਾਵਜੂਦ ਉਹ ਸਫਲਤਾਪੂਰਵਕ ਵਿਦੇਸ਼ ਪਹੁੰਚ ਗਏ, ਜੋ ਸੁਰੱਖਿਆ ਪ੍ਰਬੰਧਾਂ ਦੀ ਘਾਟ ਵੱਲ ਇਸ਼ਾਰਾ ਕਰਦਾ ਹੈ•।
ਵੱਖ-ਵੱਖ ਟ੍ਰੈਵਲ ਏਜੰਸੀਆਂ ਦੇ ਰਾਹੀਂ ਬੁਕ ਹੋਏ ਸੀ ਟਿਕਟ
ਜਾਂਚ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਯਾਤਰੀਆਂ ਦੇ ਟਿਕਟ ਵੱਖ-ਵੱਖ ਟਰੈਵਲ ਏਜੰਸੀਆਂ ਰਾਹੀਂ ਟਿਕਟ ਬੁਕ ਕੀਤੇ ਗਏ ਸਨ, ਜਿਨ੍ਹਾਂ ’ਚ ਲਾਰਡਜ਼ ਟਰੈਵਲ ਪ੍ਰਾਈਵੇਟ ਲਿਮਿਟੇਡ (ਨਵੀਂ ਦਿੱਲੀ), ਟਰੈਵਲ ਬੁਟੀਕ ਆਨਲਾਈਨ (ਗੁਰੂਗ੍ਰਾਮ), ਸਾਹਿਲ ਟੂਰ ਐਂਡ ਟਰੈਵਲਜ਼ (ਪਹਾੜਗੰਜ, ਦਿੱਲੀ), ਰਿਆ ਟਰੈਵਲਜ਼ ਐਂਡ ਟੂਰ (ਮੁੰਬਈ) ਅਤੇ ਫਲਾਈ 24 ਆਵਰਜ਼ ਹੋਲਿਡੇ ਪ੍ਰਾਈਵੇਟ ਲਿਮਿਟੇਡ ਸ਼ਾਮਲ ਹਨ। ਇਸ ਨੈੱਟਵਰਕ ਦੀਆਂ ਕੜੀਆਂ ਤਦ ਹੋਰ ਮਜ਼ਬੂਤ ਹੋਣ ਲੱਗੀਆਂ ਜਦੋਂ ਇਹ ਸਾਹਮਣੇ ਆਇਆ ਕਿ ਲੁਧਿਆਣਾ ਸਥਿਤ ਸਰਦਾਰਸੰਸ ਟਰੈਵਲਜ਼ ਨਾਮਕ ਇੱਕ ਏਜੰਟ ਨੇ ਵੀ ਇਸ ਪ੍ਰਕਿਰਿਆ ਵਿੱਚ ਭੂਮਿਕਾ ਨਿਭਾਈ ਅਤੇ ਉਸਨੇ ਟਰੈਵਲ ਬੁਟੀਕ ਆਨਲਾਈਨ ਰਾਹੀਂ ਦੋ ਯਾਤਰੀਆਂ ਦੇ ਟਿਕਟ ਬੁਕ ਕਰਵਾਏ।
ਇਕ ਹੀ ਮੋਬਾਈਲ ਨੰਬਰ ਦਾ ਵਾਰ-ਵਾਰ ਹੋਇਆ ਇਸਤੇਮਾਲ
ਪੂਰੇ ਮਾਮਲੇ ਦਾ ਸਭ ਤੋਂ ਮਹੱਤਵਪੂਰਨ ਅਤੇ ਹੈਰਾਨੀਜਨਕ ਪੱਖ ਇੱਕੋ ਮੋਬਾਈਲ ਨੰਬਰ ਦਾ ਵਾਰ-ਵਾਰ ਇਸਤੇਮਾਲ ਹੋਣਾ ਹੈ। ਜਾਂਚ ਏਜੰਸੀਆਂ ਦੇ ਮੁਤਾਬਿਕ, 14 ’ਚੋਂ 10 ਯਾਤਰੀਆਂ ਦੀ ਟਿਕਟ ਬੁਕਿੰਗ ਦੌਰਾਨ ਇੱਕੋ ਮੋਬਾਈਲ ਨੰਬਰ ਵਰਤਿਆ ਗਿਆ, ਜਿਸ ਨਾਲ ਇਹ ਸਾਫ਼ ਸੂਚਨਾ ਮਿਲਦੀ ਹੈ ਕਿ ਇਹ ਕੋਈ ਆਮ ਯਾਤਰਾ ਨਹੀਂ ਸਗੋਂ ਇਕ ਸੰਗਠਿਤ ਨੈੱਟਵਰਕ ਹੇਠ ਕੀਤੀ ਗਈ ਕਾਰਵਾਈ ਸੀ। ਇਹੀ ਮੋਬਾਈਲ ਨੰਬਰ ਹੁਣ ਜਾਂਚ ਦਾ ਮੁੱਖ ਕਾਰਨ ਬਣ ਗਿਆ ਹੈ।
ਏਅਰਪੋਰਟ ਸਟਾਫ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ’ਚ
ਸੂਤਰਾਂ ਮੁਤਾਬਕ, ਇਸ ਪੂਰੇ ਘਟਨਾਕ੍ਰਮ ’ਚ ਅੰਮ੍ਰਿਤਸਰ ਏਅਰਪੋਰਟ 'ਤੇ ਕੰਮ ਕਰਨ ਵਾਲੇ ਕੁਝ ਕਰਮਚਾਰੀਆਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ’ਚ ਹੈ। ਆਮ ਤੌਰ ’ਤੇ ਬਿਨਾਂ ਜਾਇਜ਼ ਵੀਜ਼ਾ ਕਿਸੇ ਵੀ ਯਾਤਰੀ ਨੂੰ ਅੰਤਰਰਾਸ਼ਟਰੀ ਉਡਾਣ ’ਚ ਬੈਠਣ ਦੀ ਮਨਜ਼ੂਰੀ ਨਹੀਂ ਮਿਲਦੀ, ਕਿਉਂਕਿ ਏਅਰਲਾਈਨ ਅਤੇ ਇਮੀਗ੍ਰੇਸ਼ਨ ਦੋਹਾਂ ਪੱਧਰਾਂ 'ਤੇ ਦਸਤਾਵੇਜ਼ਾਂ ਦੀ ਸਖ਼ਤ ਜਾਂਚ ਹੁੰਦੀ ਹੈ। ਅਜਿਹੇ ’ਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਬਿਨਾਂ ਵੀਜ਼ਾ ਵਿਦੇਸ਼ ਪਹੁੰਚ ਜਾਣਾ ਕਿਸੇ ਅੰਦਰੂਨੀ ਮਿਲਭਗਤ ਜਾਂ ਦਸਤਾਵੇਜ਼ਾਂ ਵਿੱਚ ਤਬਦੀਲੀ ਵੱਲ ਇਸ਼ਾਰਾ ਕਰਦਾ ਹੈ।
ਯੂਕੇ ਪਹੁੰਚਦੇ ਹੀ ਯਾਤਰੀਆਂ ਨੇ ਮੰਗੀ ਅਸਾਈਲਮ
ਯੂਕੇ ਪਹੁੰਚਣ ਮਗਰੋਂ ਇਹ ਯਾਤਰੀਆਂ ਤੁਰੰਤ ਅਸਾਈਲਮ ਦੀ ਮੰਗ ਕਰਦੇ ਹਨ, ਜੋ ਕਿ ਮਨੁੱਖਾਂ ਦੀ ਤਸਕੀਰੀ ਗਿਰੋਹਾਂ ਵੱਲੋਂ ਵਰਤਿਆ ਜਾਣ ਵਾਲਾ ਇਕ ਆਮ ਤਰੀਕਾ ਮੰਨਿਆ ਜਾਂਦਾ ਹੈ। ਅੰਤਰਰਾਸ਼ਟਰੀ ਕ਼ਾਨੂੰਨ ਦੇ ਤਹਿਤ, ਜੇ ਕੋਈ ਵਿਅਕਤੀ ਕਿਸੇ ਦੇਸ਼ ਵਿੱਚ ਪਹੁੰਚ ਕੇ ਸ਼ਰਨ ਦੀ ਮੰਗ ਕਰਦਾ ਹੈ ਤਾਂ ਉਸਨੂੰ ਤੁਰੰਤ ਡਿਪੋਰਟ ਨਹੀਂ ਕੀਤਾ ਜਾਂਦਾ, ਸਗੋਂ ਉਸਦੇ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਜਾਂਚ ਕੀਤੀ ਜਾਂਦੀ ਹੈ। ਇਸੇ ਪ੍ਰਕਿਰਿਆ ਦਾ ਫਾਇਦਾ ਉਠਾ ਕੇ ਅਜਿਹੇ ਗਿਰੋਹ ਲੋਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਪਹੁੰਚਾਉਂਦੇ ਹਨ।
ਇਨ੍ਹਾਂ ਧਾਰਾਵਾਂ ’ਚ ਕੀਤਾ ਗਿਆ ਮਾਮਲਾ ਦਰਜ
ਸਟੇਟ ਕਰਾਈਮ ਪੁਲਿਸ ਸਟੇਸ਼ਨ ਮੋਹਾਲੀ ਨੇ ਹੁਣ ਇਸ ਮਾਮਲੇ ਵਿੱਚ ਬੀਐੱਨਐੱਸ ਦੀ ਧਾਰਾ 143(3) ਅਤੇ ਪੰਜਾਬ ਪ੍ਰਿਵੈਂਸ਼ਨ ਆਫ਼ ਹਿਊਮਨ ਸਮੱਗਲਿੰਗ ਐਕਟ, 2012 ਦੀ ਧਾਰਾ 13(1) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੇ ਕਿਸੇ ਹੋਰ ਵਿਅਕਤੀ, ਏਜੰਸੀ ਜਾਂ ਅੰਤਰਰਾਸ਼ਟਰੀ ਕਨੈਕਸ਼ਨ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਹਨਾਂ ਖ਼ਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਏਗੀ।