ਗੰਦੇ ਪਾਣੀ ਦੀ ਸਮੱਸਿਆ ਤੋਂ ਦੁਖੀ ਲੋਕਾਂ ਨੇ ਲਾਇਆ ਧਰਨਾ
ਮੋਗਾ ਦੇ ਵਾਰਡ ਨੰਬਰ
Publish Date: Sat, 22 Nov 2025 05:51 PM (IST)
Updated Date: Sun, 23 Nov 2025 04:08 AM (IST)

ਨਿਗਾਹਾ ਰੋਡ, ਮੋਹਨ ਸਿੰਘ ਬਸਤੀ, ਬਹਾਦਰ ਬਸਤੀ ਦੇ ਵਸਨੀਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਮੋਗਾ ਦੇ ਵਾਰਡ ਨੰਬਰ 31 ’ਚ ਪੈਂਦੇ ਇਲਾਕੇ ਨਿਗਾਹਾ ਰੋਡ, ਮੋਹਨ ਸਿੰਘ ਬਸਤੀ ਤੇ ਬਹਾਦੁਰ ਬਸਤੀ ਦੇ ਰਹਿਣ ਵਾਲੇ ਲੋਕ ਪਿਛਲੇ ਇਕ ਮਹੀਨੇ ਤੋਂ ਟੂਟੀਆਂ ’ਚ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਤੋਂ ਕਾਫੀ ਪ੍ਰੇਸ਼ਾਨ ਹਨ, ਨਗਰ ਵਾਸੀਆਂ ਵੱਲੋਂ ਇਸ ਸਮੱਸਿਆ ਨੂੰ ਲੈਕੇ ਨਗਰ ਨਿਗਮ ਵਿਚ ਤਿੰਨ ਵਾਰ ਲਿਖਤੀ ਰੂਪ ਵਿਚ ਸ਼ਿਕਾਇਤ ਦੇਣ ਦੇ ਬਾਵਜੂਦ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਾ ਹੋਣ ਤੇ ਮਜ਼ਬੂਰ ਹੋ ਕੇ ਤਿੰਨਾ ਮੁਹੱਲਿਆਂ ਦੇ ਲੋਕਾਂ ਨੇ ਸ਼ਨੀਵਾਰ ਤੜਕਸਾਰ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ। ਲਗਾਤਾਰ ਦੋ ਘੰਟੇ ਲੱਗੇ ਧਰਨੇ ਨੂੰ ਲੈਕੇ ਪ੍ਰਸ਼ਾਸਨ ਜਾਂ ਨਗਰ ਨਿਗਮ ਦਾ ਕੋਈ ਵੀ ਅਧਿਕਾਰੀ ਧਰਨਾਕਾਰੀਆਂ ਦੀ ਸੁਣਵਾਈ ਨਹੀਂ ਹੋਈ। ਸ਼ਨੀਵਾਰ ਦੀ ਛੁੱਟੀ ਹੋਣ ਕਰਕੇ ਸਾਰੇ ਸਰਕਾਰੀ ਦਫਤਰ ਬੰਦ ਸੀ ਅਤੇ ਅਧਿਕਾਰੀ ਛੁੱਟੀ ਤੇ ਹੋਣ ਕਰਕੇ ਧਰਨਾਕਾਰੀਆਂ ਦੇ ਕੋਲ ਉਨ੍ਹਾਂ ਦੀ ਸਮੱਸਿਆ ਸੁਨਣ ਨਹੀਂ ਆਇਆ। ਧਰਨਾਕਾਰੀਆਂ ਵੱਲੋਂ ਨਗਰ ਨਿਗਮ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਧਰਨੇ ’ਚ ਮੌਜੂਦ ਵਸਨੀਕਾਂ ’ਚ ਜਿਨ੍ਹਾਂ ‘ਚ ਵੱਡੀ ਗਿਣਤੀ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਨਗਰ ਨਿਗਮ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਰਵੱਈਏ ‘ਤੇ ਆਪਣਾ ਗੁੱਸਾ ਪ੍ਰਗਟ ਕੀਤਾ। ਵਸਨੀਕਾਂ ਸੰਦੀਪ ਕੌਰ, ਰਾਜਵੀਰ ਸਿੰਘ ਅਤੇ ਦਿਲਬਾਗ ਸਿੰਘ ਨੇ ਕਿਹਾ ਕਿ ਉਹ ਪਿਛਲੇ ਮਹੀਨੇ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਸਥਾਨਕ ਵਿਧਾਇਕ ਡਾ. ਅਮਨਦੀਪ ਅਰੋੜਾ, ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੱਲ ਲਈ ਅਪੀਲ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਮੌਕੇ ਦੁਖੀ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਾਰਨ ਲੰਮਾ ਟ੍ਰੈਫਿਕ ਜਾਮ ਹੋ ਗਿਆ, ਜਿਸ ਨਾਲ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਹੋਈ। ਇਹ ਦੇਖ ਕੇ ਥਾਣਾ ਸਿਟੀ ਸਾਊਥ ਪੁਲਿਸ ਦੇ ਇੰਚਾਰਜ ਐੱਸਆਈ ਭਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਹੱਲ ਬਾਰੇ ਚਰਚਾ ਕੀਤੀ ਅਤੇ ਸਮੱਸਿਆ ਦਾ ਹੱਲ ਕਰਨ ਲਈ ਧਰਨਾਕਰੀਆਂ ਨੂੰ ਭਰੋਸਾ ਦਿਵਾਇਆ। ਜਿਕਰਯੋਗ ਹੈ ਕਿ ਡੇਂਗੂ ਨਾ ਸਿਰਫ ਜਿਲ੍ਹੇ ਭਰ ਵਿਚ ਸਗੋਂ ਸੂਬੇ ਭਰ ਵਿਚ ਫੈਲ ਰਿਹਾ ਹੈ ਅਤੇ ਡੇਂਗੂ-ਪਾਜਿਟਿਵ ਮਾਮਲਿਆਂ ਦੇ ਨਾਲ-ਨਾਲ ਚਿਕਨਗੁਨੀਆ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜਿੱਥੇ ਸਿਹਤ ਵਿਭਾਗ ਰੋਜਾਨਾ ਜਾਗਰੂਕਤਾ ਮੁਹਿੰਮਾਂ ਚਲਾ ਰਿਹਾ ਹੈ, ਉੱਥੇ ਨਗਰ ਨਿਗਮ ਦੀ ਸਥਿਤੀ ਇਸਦੀ ਕਾਰਗੁਜਾਰੀ ‘ਤੇ ਸਵਾਲ ਖੜੇ ਕਰ ਰਹੀ ਹੈ। ਇਸ ਕਾਰਨ ਇਲਾਕੇ ਦੇ ਵਸਨੀਕਾਂ ਨੇ ਨਿਗਾਹਾ ਰੋਡ ਦੇ ਸਾਹਮਣੇ ਸੜਕ ਜਾਮ ਕਰ ਦਿੱਤੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ---- ਇਕ ਮਹੀਨੇ ਤੋਂ ਮੁਹੱਲਾ ਵਾਸੀ ਹਨ ਪਰੇਸ਼ਾਨ : ਦਿਲਬਾਗ ਸਿੰਘ। ਇਸ ਮੌਕੇ ਧਰਨਾਕਾਰੀਆਂ ’ਚ ਵਾਰਡ ਨੰਬਰ 31 ਬਸਤੀ ਮੋਹਨ ਦੇ ਵਸਨੀਕ ਦਿਲਬਾਗ ਸਿੰਘ ਕਿਹਾ ਪਿਛਲੇ ਇਕ ਮਹੀਨੇ ਤੋਂ ਨਾਲੀਆਂ ਵਿਚ ਗੰਦਾ ਪਾਣੀ ਆ ਰਿਹਾ ਸੀ ਹੁਣ 15 ਤੋਂ 20 ਦਿਨਾਂ ਤੋਂ ਗਟਰਾ ’ਚ ਪਾਣੀ ਓਵਰ ਫਲੋਂ ਹੋ ਕੇ ਸੜਕਾਂ ਤੇ ਆ ਗਿਆ ਤੇ ਹੁਣ ਇਹ ਗੰਦਾ ਪਾਣੀ ਸਾਡੇ ਘਰਾਂ ਦੀਆਂ ਟੂਟੀਆਂ ’ਚ ਆ ਰਿਹਾ ਹੈ। ਉਸ ਨੇ ਕਿਹਾ ਕਿ ਸਾਡੇ ਮੁਹੱਲੇ ਵਿਚ ਪਾਣੀ ਵਾਲੀ ਇਕ ਹੀ ਟੈਂਕੀ ਆਉਂਦੀ ਤੇ ਉਹ ਹੀ ਪਾਣੀ ਪੀਕੇ ਗੁਜਾਰਾ ਕਰਦੇ ਹਾਂ। ਉਸ ਨੇ ਕਿਹਾ ਕਿ ਗੰਦੇ ਪਾਣੀ ਦੀ ਸਮੱਸਿਆ ਨੂੰ ਲੈਕੇ ਅਸੀਂ ਮੁਹੱਲਾ ਵਾਸੀ ਵਾਰਡ ਦੇ ਕੌਸਲਰ ਨੂੰ ਨਾਲ ਲੈ ਕੇ ਵਿਧਾਇਕ ਨੂੰ ਮਿਲੇ ਸੀ ਪ੍ਰੰਤੂ ਸਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਤੇ ਗੰਦੇ ਪਾਣੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਸਾਨੂੰ ਮਜ਼ਬੂਰਨ ਧਰਨ ਲਗਾਉਣਾ ਪਿਆ ਹੈ। ____ ਪਾਣੀ _ਚੋਂ ਆ ਰਹੀ ਲਗਾਤਾਰ ਬਦਬੂ : ਰਾਜਵੀਰ ਸਿੰਘ। ਰਾਜਵੀਰ ਸਿੰਘ ਨੇ ਕਿਹਾ ਕਿ ਪਾਣੀ ਏਨਾ ਗੰਦਾ ਹੈ ਕਿ ਉਹ ਨਾ ਤਾਂ ਇਸ ਨੂੰ ਪੀ ਸਕਦੇ ਹਨ ਅਤੇ ਨਾ ਹੀ ਨਹਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਗੰਦਾ ਹੋਣ ਕਰਕੇ ਨਾ ਅਸੀਂ ਨਹਾ ਸਕਦੇ ਹਾਂ ਕਿਉਂਕਿ ਪਾਣੀ ਬਦਬੂਦਾਰ ਹੋਣ ਕਰਕੇ ਉਨ੍ਹਾਂ ਨੂੰ ਸਾਹ ਲੈਣਾ ਵੀ ਔਖਾ ਹੈ। ____ ਸਮੱਸਿਆ ਦਾ ਹੱਲ ਕੀਤਾ ਜਾਵੇਗਾ : ਕੌਂਸਲਰ ਜਦ ਇਸ ਸਬੰਧੀ ਵਾਰਡ ਨੰਬਰ 31 ਦੀ ਕੌਸਲਰ ਗੁਰਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਿਸਪੌਜਲ ਵਿਚ ਡੁੱਘੀ ਗਾਰ ਜੰਮਣ ਕਰਕੇ ਸੀਵਰੇਜ ’ਚੌ ਪਾਣੀ ਨਿਕਲਣਾ ਬੰਦ ਹੋ ਗਿਆ ਸੀ ਜਿਸ ਦੇ ਚਲਦਿਆਂ ਸੀਵਰੇਜ ਦਾ ਪਾਣੀ ਓਵਰ ਫਲੋ ਹੋ ਗਿਆ ਸੀ ਤੇ ਨਗਰ ਨਿਗਮ ਦੀਆਂ ਗੱਡੀਆਂ ਲਗਾਤਾਰ ਡਿਪੋਜਲ ’ਚ ਗਾਰ ਕੱਢਣ ’ਚ ਲੱਗੀਆਂ ਹੋਈਆਂ ਹਨ 5 ਵਜੇ ਤੱਕ ਵਾਰਡ ਦੇ ਸਾਰੇ ਸੀਵਰੇਜ ਸਾਫ ਹੋ ਜਾਣਗੇ ਤੇ ਗੰਦੇ ਪਾਣੀ ਦੀ ਸਮੱਸਿਆ ਹੱਲ ਜੋ ਜਾਵੇਗੀ