ਕਣਕ ਖਰੀਦ ਸੰਕਟ ਗਹਿਰਾਇਆ: ਕਿਸਾਨਾਂ ਦਾ ਗੁੱਸਾ ਭੜਕਿਆ, ਅੱਜ ਸੂਬਾ ਭਰ ‘ਚ ਰੇਲ ਚੱਕਾ ਜਾਮ ਦਾ ਕੀਤਾ ਐਲਾਨ
ਇਸ ਸੰਕਟਮਈ ਸਥਿਤੀ ਦੇ ਵਿਰੋਧ ਵਜੋਂ ਅਜ਼ਾਦ ਕਿਸਾਨ ਮੋਰਚਾ (ਏਕੇਐਮ) ਵੱਲੋਂ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੂਬਾ ਭਰ ਵਿੱਚ ਰੇਲ ਚੱਕਾ ਜਾਮ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ।
Publish Date: Fri, 17 Apr 2026 08:34 AM (IST)
Updated Date: Fri, 17 Apr 2026 08:36 AM (IST)
ਵਕੀਲ ਮਹਿਰੋਂ, ਮੋਗਾ :ਪੰਜਾਬ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਠੱਪ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਅਤੇ ਨਾਰਾਜ਼ਗੀ ਦੇ ਮਾਹੌਲ ਨੇ ਜਨਮ ਲੈ ਲਿਆ ਹੈ। ਮੰਡੀਆਂ ਵਿੱਚ ਅਨਾਜ ਦੇ ਢੇਰ ਲੱਗੇ ਹੋਣ ਦੇ ਬਾਵਜੂਦ ਕੇਂਦਰੀ ਏਜੰਸੀਆਂ ਵੱਲੋਂ ਖਰੀਦ ਨਾ ਕੀਤੇ ਜਾਣ ਕਾਰਨ ਕਿਸਾਨ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਸੰਕਟਮਈ ਸਥਿਤੀ ਦੇ ਵਿਰੋਧ ਵਜੋਂ ਅਜ਼ਾਦ ਕਿਸਾਨ ਮੋਰਚਾ (ਏਕੇਐਮ) ਵੱਲੋਂ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੂਬਾ ਭਰ ਵਿੱਚ ਰੇਲ ਚੱਕਾ ਜਾਮ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਮੋਰਚੇ ਦੇ ਸੀਨੀਅਰ ਆਗੂਆਂ ਸੁੱਖ ਗਿੱਲ (ਮੋਗਾ), ਸਤਨਾਮ ਸਿੰਘ ਹਰੀਕੇ, ਜਸਬੀਰ ਸਿੰਘ ਆਹਲੂਵਾਲੀਆ, ਪਰਮਜੀਤ ਸਿੰਘ ਜੱਬੋਵਾਲ ਅਤੇ ਨਛੱਤਰ ਸਿੰਘ ਨੇ ਸਾਂਝੇ ਤੌਰ ‘ਤੇ ਕਿਹਾ ਕਿ ਇਹ ਪ੍ਰਦਰਸ਼ਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਲ ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ, ਤਾਂ ਜੋ ਸਰਕਾਰ ਤੱਕ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਪੀੜ ਪਹੁੰਚ ਸਕੇ।
ਆਗੂਆਂ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀਆਂ ਢੇਰੀਆਂ ਦਿਨੋਂ-ਦਿਨ ਵਧ ਰਹੀਆਂ ਹਨ, ਪਰ ਖਰੀਦ ਪ੍ਰਕਿਰਿਆ ਵਿੱਚ ਦੇਰੀ ਕਾਰਨ ਕਿਸਾਨਾਂ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਹੋ ਰਿਹਾ ਹੈ, ਸਗੋਂ ਉਹ ਮਾਨਸਿਕ ਤਣਾਅ ਦਾ ਵੀ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਪਈ ਖਰਾਬ ਹੋਣ ਦੇ ਕਗਾਰ ‘ਤੇ ਹੈ ਅਤੇ ਸਰਕਾਰ ਵੱਲੋਂ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਜਾ ਰਿਹਾ।
ਮੋਰਚੇ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਨਹੀਂ ਕੀਤਾ ਗਿਆ ਤਾਂ ਕਿਸਾਨ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੀ ਅਣਦੇਖੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਹਰ ਸੰਘਰਸ਼ਮਈ ਕਦਮ ਚੁੱਕਿਆ ਜਾਵੇਗਾ।