'ਯੁੱਧ ਨਸ਼ਿਆਂ ਵਿਰੁੱਧ': ਨਸ਼ਾ ਤਸਕਰ ਦੀ ਇਮਾਰਤ 'ਤੇ ਚੱਲਿਆ ਬੁਲਡੋਜ਼ਰ
'ਯੁੱਧ ਨਸ਼ਿਆਂ ਵਿਰੁੱਧ': ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ 'ਤੇ ਚੱਲਿਆ ਬੁਲਡੋਜ਼ਰ
Publish Date: Tue, 18 Nov 2025 04:10 PM (IST)
Updated Date: Tue, 18 Nov 2025 04:13 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸਬ ਡਿਵੀਜ਼ਨ ਗਿੱਦੜਬਾਹਾ ਦੇ ਪਿੰਡ ਗੁਰੂਸਰ ’ਚ ਇੱਕ ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਇਮਾਰਤ ਨੂੰ ਢਾਹਿਆ ਗਿਆ। ਇਸ ਮੌਕੇ ਸਿਵਲ ਪ੍ਰਸ਼ਾਸਨ ਦੀਪਕ ਭਾਰਦਵਾਜ਼ ਨੈਬ ਤਹਿਸੀਲਦਾਰ ਨੇ ਦੱਸਿਆ ਕਿ ਪੁਲਿਸ ਥਾਣਾ ਗਿੱਦੜਬਾਹਾ ਅਧੀਨ ਆਉਂਦੇ ਪਿੰਡ ਗੁਰੂਸਰ ’ਚ ਗੁਰਮੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਅਤੇ ਅਮਨਦੀਪ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਗੁਰੂਸਰ ਵੱਲੋਂ ਛੱਪੜ ਵਾਲੇ ਖੂਹ ਦੇ ਨਜ਼ਦੀਕ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਇਮਾਰਤ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸਨੂੰ ਢਾਉਣ ਦੀਆਂ ਹਦਾਇਤਾਂ ਪ੍ਰਾਪਤ ਕਰਕੇ ਪੁਲਿਸ ਵਿਭਾਗ ਤੋਂ ਮੌਕੇ ‘ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਮੱਦਦ ਲਈ ਗਈ ਸੀ। ਉਨ੍ਹਾਂ ਕਿਹਾ ਕਿ ਪੂਰੇ ਕਾਨੂੰਨੀ ਤਰੀਕੇ ਦੀ ਪਾਲਣਾ ਕਰਦਿਆਂ ਇਸ ਗੈਰ ਕਾਨੂੰਨੀ ਇਮਾਰਤ ਨੂੰ ਅੱਜ ਢਾਹਿਆ ਗਿਆ। ਇਸ ਮਾਮਲੇ ’ਚ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ ਆਈਪੀਐਸ ਨੇ ਦੱਸਿਆ ਕਿ ਗੁਰਮੀਤ ਸਿੰਘ ਤੇ ਨਸ਼ਾ ਤਸਕਰੀ ਦੇ 02 ਮੁਕੱਦਮੇ ਦਰਜ ਹਨ ਅਤੇ ਅਮਨਦੀਪ ਕੌਰ ਤੇ ਨਸ਼ਾ ਤਸਕਰੀ ਦੇ 03 ਮੁਕਦਮੇ ਦਰਜ ਹਨ। ਦੋਨਾਂ ਉੱਪਰ ਨਸ਼ਾ ਤਸਕਰੀ ਦੇ ਮੁਕਦਮੇ ਕੁੱਲ 05 ਮੁਕਦਮੇ ਦਰਜ ਹਨ। ਡਾ. ਅਖਿਲ ਚੌਧਰੀ ਆਈਪੀਐਸ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿਲ੍ਹੇ ’ਚ ਵਿਆਪਕ ਪੱਧਰ ’ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਅਟੈਚ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਇਸਦੀ ਸੂਚਨਾ ਪੁਲਿਸ ਨੂੰ ਨਿਡਰ ਹੋ ਕੇ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਦੇ ਹੋਏ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮਨਮੀਤ ਸਿੰਘ ਐਸਪੀ (ਡੀ), ਅਰੁਣ ਮੁੰਡਨ ਡੀਐਸਪੀ (ਗਿੱਦੜਬਾਹਾ), ਸਬ ਇੰਸਪੈੱਕਟਰ ਦੀਪਿਕਾ ਰਾਣੀ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਸਿਵਲ ਪ੍ਰਸ਼ਾਸਨ ਵੀ ਹਾਜ਼ਰ ਸਨ।