ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਪਿਛਲੇ 40 ਸਾਲਾਂ ਤੋਂ ਚੱਲ ਰਹੇ ਇਸ ਲੜਕੀਆਂ ਦੇ ਸਕੂਲ ਵਿੱਚ ਲੜਕਿਆਂ ਦੇ ਦਾਖ਼ਲੇ ਨੂੰ ਲੈ ਕੇ ਵੀ ਪਿੰਡ ਵਾਸੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਚੇਤਨ ਭੂਰਾ, ਮਲੋਟ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ 'ਸਕੂਲ ਆਫ਼ ਐਮੀਨੈਂਸ' (School of Eminence) ਦੀ ਸ਼ੁਰੂਆਤ ਕੀਤੀ ਗਈ ਸੀ ਪਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬਲੂ ਖੁਰਾਣਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਸ ਸਕੂਲ ਦੇ ਬਾਹਰ ਪਿੰਡ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ।
ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਕਮੀ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਪਿਛਲੇ 40 ਸਾਲਾਂ ਤੋਂ ਚੱਲ ਰਹੇ ਇਸ ਲੜਕੀਆਂ ਦੇ ਸਕੂਲ ਵਿੱਚ ਲੜਕਿਆਂ ਦੇ ਦਾਖ਼ਲੇ ਨੂੰ ਲੈ ਕੇ ਵੀ ਪਿੰਡ ਵਾਸੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਪਿੰਡ ਅਬਲੂ ਖੁਰਦ ਦੇ 'ਸਕੂਲ ਆਫ਼ ਐਮੀਨੈਂਸ' ਦੇ ਬਾਹਰ, ਜਿੱਥੇ ਪਿੰਡ ਦੇ ਮੋਹਤਬਰਾਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਗੇਟ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਸਾਲ ਤੋਂ ਉਹ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ, ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ।
ਸਕੂਲ ਦੇ ਚੇਅਰਮੈਨ ਮੇਨਪਾਲ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕਾਂ ਦੀ ਬਹੁਤ ਜ਼ਿਆਦਾ ਘਾਟ ਹੈ। ਅੱਜ ਤੋਂ 4 ਸਾਲ ਪਹਿਲਾਂ ਇਸ ਸਕੂਲ ਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਸੀ, ਪਰ ਹੁਣ ਪੜ੍ਹਾਈ ਨਾ ਹੋਣ ਕਰਕੇ ਗ੍ਰਾਫ ਲਗਾਤਾਰ ਡਿੱਗ ਰਿਹਾ ਹੈ। ਸਕੂਲ ਵਿੱਚ ਘੱਟੋ-ਘੱਟ 17 ਤੋਂ 18 ਟੀਚਰਾਂ ਦੀ ਕਮੀ ਹੈ। ਦੂਜੀ ਵੱਡੀ ਸਮੱਸਿਆ ਇਹ ਹੈ ਕਿ ਇਹ ਸਕੂਲ ਪਿਛਲੇ 40 ਸਾਲਾਂ ਤੋਂ ਸਿਰਫ਼ ਲੜਕੀਆਂ ਦਾ ਸਕੂਲ ਸੀ, ਪਰ ਹੁਣ ਇੱਥੇ ਲੜਕਿਆਂ ਨੂੰ ਵੀ ਦਾਖ਼ਲ ਕੀਤਾ ਜਾ ਰਿਹਾ ਹੈ, ਜਿਸ ਨਾਲ ਸਕੂਲ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ।
ਪਿੰਡ ਦੇ ਇਕ ਹੋਰ ਨਿਵਾਸੀ ਹਰਦਾਸ ਸਿੰਘ ਅਤੇ ਸੋਨੂੰ ਨੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ
"ਅਸੀਂ ਡੀ.ਈ.ਓ. (DEO) ਤੇ ਹੋਰ ਉੱਚ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਾਂ ਪਰ ਸਾਨੂੰ ਸਿਰਫ਼ ਲਾਰੇ-ਲੱਪੇ ਹੀ ਮਿਲੇ ਹਨ। ਜਦੋਂ ਅਸੀਂ ਧਰਨਾ ਦੇਣ ਦੀ ਗੱਲ ਕੀਤੀ ਤਾਂ ਅਧਿਕਾਰੀਆਂ ਵੱਲੋਂ ਇਹ ਕਹਿ ਕੇ ਸਾਡੀ ਬੇਇੱਜ਼ਤੀ ਕੀਤੀ ਗਈ ਕਿ 'ਧਰਨੇ ਲਗਾ ਕੇ ਤੁਸੀਂ ਕਿਹੜਾ ਟੀਚਰ ਬੁਲਾ ਲਵੋਗੇ'। ਪਿੰਡ ਦੀਆਂ ਗਰੀਬ ਬੱਚੀਆਂ ਜੋ ਇਸ ਸਕੂਲ ਵਿੱਚ ਪੜ੍ਹਨਾ ਚਾਹੁੰਦੀਆਂ ਹਨ, ਉਹਨਾਂ ਨੂੰ ਮੈਰਿਟ ਦੇ ਨਾਂ 'ਤੇ ਬਾਹਰ ਭੇਜਿਆ ਜਾ ਰਿਹਾ ਹੈ ਅਤੇ ਬਾਹਰਲੇ ਬੱਚੇ ਇੱਥੇ ਆ ਰਹੇ ਹਨ।"
ਸਕੂਲ ਦੇ ਮੌਜੂਦਾ ਇੰਚਾਰਜ ਸ਼ਵਿੰਦਰ ਸਿੰਘ (ਲੈਕਚਰਾਰ ਪੰਜਾਬੀ) ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਨੇ ਸਕੂਲ ਦੀ ਸਥਿਤੀ ਬਾਰੇ ਦੱਸਿਆ
"ਇਸ ਸਕੂਲ ਵਿੱਚ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਲਗਭਗ 800 ਬੱਚੇ ਪੜ੍ਹਦੇ ਹਨ, ਜੋ ਕਿ ਆਸ-ਪਾਸ ਦੇ 25 ਤੋਂ 30 ਪਿੰਡਾਂ ਵਿੱਚੋਂ ਆਉਂਦੇ ਹਨ। ਸਕੂਲ ਵਿੱਚ ਪ੍ਰਿੰਸੀਪਲ ਦੀ ਪੋਸਟ ਖ਼ਾਲੀ ਹੈ ਅਤੇ ਮੈਂ ਬਤੌਰ ਇੰਚਾਰਜ ਕੰਮ ਦੇਖ ਰਿਹਾ ਹਾਂ। ਸਕੂਲ ਵਿੱਚ 17 ਦੇ ਕਰੀਬ ਪੋਸਟਾਂ ਖ਼ਾਲੀ ਹਨ। ਪਿਛਲੇ ਸਾਲ ਬਦਲੀਆਂ ਦੌਰਾਨ 10-12 ਅਧਿਆਪਕ ਇੱਥੋਂ ਚਲੇ ਗਏ ਸਨ। ਅਸੀਂ ਡਿਪਾਰਟਮੈਂਟ ਨੂੰ ਅਤੇ ਚੰਡੀਗੜ੍ਹ ਤੱਕ ਕਈ ਵਾਰ ਲਿਖ ਕੇ ਭੇਜ ਚੁੱਕੇ ਹਾਂ। ਲੜਕਿਆਂ ਦੇ ਦਾਖ਼ਲੇ ਬਾਰੇ ਉਹਨਾਂ ਕਿਹਾ ਕਿ ਇਹ 'ਸਕੂਲ ਆਫ਼ ਐਮੀਨੈਂਸ' ਦੇ ਨਿਯਮਾਂ ਤਹਿਤ ਟੈਸਟ ਦੇ ਆਧਾਰ 'ਤੇ ਹੁੰਦਾ ਹੈ, ਜਿਸ ਵਿੱਚ ਲਗਭਗ 60 ਲੜਕੇ ਨੌਵੀਂ ਤੋਂ ਪਲੱਸ-ਟੂ ਜਮਾਤਾਂ ਵਿੱਚ ਪੜ੍ਹ ਰਹੇ ਹਨ। ਇਹ ਪ੍ਰੋਜੈਕਟ ਹਾਲੇ ਤੀਜੇ ਫੇਸ ਵਿੱਚ ਹੈ, ਜਿਸ ਕਰਕੇ ਕੁਝ ਦਿੱਕਤਾਂ ਆ ਰਹੀਆਂ ਹਨ।"
ਪਿੰਡ ਵਾਸੀਆਂ ਨੇ ਸਾਫ਼ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਸਕੂਲ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਨਹੀਂ ਕੀਤਾ ਜਾਂਦਾ ਅਤੇ ਲੜਕਿਆਂ ਦੇ ਦਾਖ਼ਲੇ ਬਾਰੇ ਕੋਈ ਪੁਖ਼ਤਾ ਹੱਲ ਨਹੀਂ ਨਿਕਲਦਾ, ਉੱਨਾ ਚਿਰ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।