ਜ਼ਿਲ੍ਹਾ ਮਾਲ ਅਫ਼ਸਰ ਮੋਗਾ ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਨੇ ਕੀਤਾ ਰੰਗੇ ਹੱਥੀਂ ਕਾਬੂ
ਉਸਨੇ ਸ਼ਿਕਾਇਤਕਰਤਾ ਨੂੰ 50,000 ਰੁਪਏ ਰਿਸ਼ਵਤ ਦੀ ਰਕਮ ਪੇਸ਼ਗੀ ਵਜੋਂ ਦੇਣ ਲਈ ਕਿਹਾ ਅਤੇ ਬਾਕੀ 50,000 ਰੁਪਏ ਰਿਸ਼ਵਤ ਮਾਮਲੇ ਦੇ ਅੰਤਿਮ ਨਿਪਟਾਰੇ ਤੋਂ ਬਾਅਦ ਦੇਣ ਲਈ ਕਿਹਾ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸੰਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਸੀ।
Publish Date: Thu, 21 May 2026 01:34 PM (IST)
Updated Date: Thu, 21 May 2026 01:37 PM (IST)
ਡਿਜੀਟਲ ਡੈਸਕ, ਮੋਗਾ : ਪੰਜਾਬ ਵਿਜੀਲੈਂਸ ਬਿਊਰੋ (VB) ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਦਵਿੰਦਰ ਪਾਲ ਸਿੰਘ ਰੀਡਰ, ਜ਼ਿਲ੍ਹਾ ਮਾਲ ਅਫ਼ਸਰ, ਮੋਗਾ ਨੂੰ 20,000/- ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
ਅੱਜ ਇੱਥੇ ਇਹ ਖੁਲਾਸਾ ਕਰਦਿਆਂ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਪਿੰਡ ਚੱਕ ਕਾਨੀਆਂ ਖੁਰਦ, ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਦਾ ਡੀਆਰਓ, ਮੋਗਾ ਦੀ ਅਦਾਲਤ ਵਿੱਚ 13 ਏਕੜ ਜ਼ਮੀਨ ਦੀ ਵੰਡ ਸਬੰਧੀ ਕੇਸ ਚੱਲ ਰਿਹਾ ਸੀ। ਦੋਸ਼ੀ ਰੀਡਰ, ਦਵਿੰਦਰ ਪਾਲ ਸਿੰਘ ਨੇ ਕਥਿਤ ਤੌਰ 'ਤੇ 5 ਤੋਂ 6 ਮਹੀਨਿਆਂ ਦੇ ਅੰਦਰ ਕੇਸ ਦਾ ਜਲਦੀ ਨਿਪਟਾਰਾ ਕਰਨ ਲਈ 1,00,000/- ਰੁਪਏ ਦੀ ਰਿਸ਼ਵਤ ਮੰਗੀ ਸੀ। ਉਸਨੇ ਸ਼ਿਕਾਇਤਕਰਤਾ ਨੂੰ 50,000 ਰੁਪਏ ਰਿਸ਼ਵਤ ਦੀ ਰਕਮ ਪੇਸ਼ਗੀ ਵਜੋਂ ਦੇਣ ਲਈ ਕਿਹਾ ਅਤੇ ਬਾਕੀ 50,000 ਰੁਪਏ ਰਿਸ਼ਵਤ ਮਾਮਲੇ ਦੇ ਅੰਤਿਮ ਨਿਪਟਾਰੇ ਤੋਂ ਬਾਅਦ ਦੇਣ ਲਈ ਕਿਹਾ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸੰਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ ਸੀ।
ਗੈਰ-ਕਾਨੂੰਨੀ ਰਿਸ਼ਵਤ ਦੇਣ ਲਈ ਤਿਆਰ ਨਾ ਹੋਣ 'ਤੇ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਯੂਨਿਟ ਮੋਗਾ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਰੀਡਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧ ਵਿੱਚ, ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।