ਕੌਮੀ ਮੰਡੀ ’ਚ ਘੋੜਾ ‘ਨੀਲਕਮਲ’ ਬਣਿਆ ਖਿੱਚ ਦਾ ਕੇਂਦਰ
ਵਿਲੱਖਣ ਦਿੱਖ ਦਾ ਘੋੜਾ ‘ਨੀਲਕਮਲ’ ਬਣਿਆ ਖਿੱਚ ਦਾ ਕੇਂਦਰ
Publish Date: Sun, 18 Jan 2026 03:57 PM (IST)
Updated Date: Sun, 18 Jan 2026 04:01 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੇਲਾ ਮਾਘੀ ਮੌਕੇ ਲੱਗਣ ਵਾਲੀ ਕੌਮੀ ਘੋੜਾ ਮੰਡੀ ’ਚ ਮਾਝਾ ਸਟੱਡ ਫਾਰਮ ਸ੍ਰੀ ਗੰਗਾਨਗਰ ਤੋਂ ਹੈਰੀ ਔਲਖ ਵੱਲੋਂ ਲਿਆਂਦਾ ਗਿਆ ‘ਨੀਲਕਮਲ’ ਨਾਂ ਦਾ ਵਿਲੱਖਣ ਦਿੱਖ ਵਾਲਾ ਘੋੜਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ। ਨੀਲਕਮਲ ਦਾ ਕੱਦ 64 ਇੰਚ ਤੋਂ ਵੱਧ ਹੈ। ਘੋੜੇ ਦੇ ਮਾਲਕ ਹੈਰੀ ਔਲਖ ਨੇ ਦੱਸਿਆ ਕਿ ਨੀਲਕਮਲ ਕਈ ਸ਼ੋਅ ਜਿੱਤ ਚੁੱਕਿਆ ਹੈ। ਲੋਕ ਦੂਰੋਂ-ਦੂਰੋਂ ਇਸ ਘੋੜੇ ਨੂੰ ਦੇਖਣ ਲਈ ਆਉਂਦੇ ਹਨ। ਉਸਨੇ ਦੱਸਿਆ ਕਿ ਇਸਦੀ ਉਮਰ 7 ਸਾਲ ਹੈ। ਨੀਲਕਮਲ ਨੇ ਸਾਲ 2021 ’ਚ ਹਨੂੰਮਾਨਗੜ੍ਹ ’ਚ ਹੋਏ ਸ਼ੋਅ ਦੌਰਾਨ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਇਸਤੋਂ ਇਲਾਵਾ ਸਾਲ 2021 ’ਚ ਪੁਸ਼ਕਰ ਮੇਲੇ ’ਤੇ ਟੌਪ ਦੇ ਸੱਤ ਘੋੜਿਆਂ ’ਚ ਸ਼ਾਮਿਲ ਸੀ। ਉਸਨੇ ਦੱਸਿਆ ਕਿ ਇਹ ਘੋੜਾ ਸਿਰਫ ਪ੍ਰਦਰਸ਼ਨੀ ਲਈ ਲਿਆਂਦਾ ਗਿਆ ਹੈ ਤੇ ਉਹ ਪਿਛਲੇ ਚਾਰ ਦਿਨਾਂ ਤੋਂ ਇੱਥੇ ਹਨ। ਉਨ੍ਹਾਂ ਦੱਸਿਆ ਕਿ ਨੀਲਕਮਲ ਦੀ ਕੀਮਤ ਕਰੀਬ ਇਕ ਕਰੋੜ ਰੁਪਏ ਹੈ। ਇਸਤੋਂ ਇਲਾਵਾ ਕੁਝ ਮਾਰਵਾੜੀ ਨਸਲ ਦੇ ਘੋੜੇ ਵੇਚਣ ਵਾਸਤੇ ਵੀ ਲਿਆਂਦੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਕੌਮੀ ਘੋੜਾ ਮੰਡੀ ’ਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਰਾਜਸਥਾਨ, ਹਰਿਆਣਾ, ਉਤਰ ਪ੍ਰਦੇਸ਼, ਮਹਾਂਰਾਸ਼ਟਰਾ ਅਤੇ ਗੁਜਰਾਤ ਖੇਤਰ ਦੇ ਵਪਾਰੀ ਅਤੇ ਘੋੜਾ ਪਾਲਕ ਪੁੱਜੇ। ਘੋੜਿਆਂ ਦੇ ਖੂਬਸੂਰਤ ਜੁੱਸੇ, ਕੱਦ ਤੇ ਸ਼ਿੰਗਾਰ ਲੋਕਾਂ ਦਾ ਧਿਆਨ ਖਿੱਚਦੇ ਹਨ। ਨੁਕਰੇ ਅਤੇ ਮਾਰਵਾੜੀ ਘੋੜਿਆਂ ਦੀ ਸਰਦਾਰੀ ਕਾਇਮ ਹੈ। ਇਸ ਮੰਡੀ ਵਿੱਚ ਪ੍ਰਦਰਸ਼ਨੀ ਵਾਸਤੇ ਮੁਹਾਲੀ ਤੋਂ ਪੁੱਜਿਆ ਮਾਰਵਾੜੀ ਘੋੜਾ ‘ਡੇਵਿਡ’ ਡਾਢੀ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਘੋੜਾ ਪਾਲਕ ਗੋਵਿੰਦ ਸਿੰਘ ਨੇ ਦਾਅਵਾ ਕੀਤਾ ਕਿ ਡੇਵਿਡ ਹਿੰਦੋਸਤਾਨ ਦਾ ਸਭ ਤੋਂ ਉਚਾ 72 ਇੰਚ ਦਾ ਮਾਰਵਾੜੀ ਘੋੜਾ ਹੈ। ਇਸਦੀ ਉਮਰ ਅਜੇ ਸਾਢੇ ਚਾਰ ਸਾਲ ਹੈ। ਉਨ੍ਹਾਂ ਦੱਸਿਆ ਕਿ ਘੋੜਿਆਂ ਦੇ ਖਾਨਦਾਨ ਦੀ ਨਸਲ ਬਹੁਤ ਮਾਅਨੇ ਰੱਖਦੀ ਹੈ। ਡੇਵਿਡ ਦੀ ਬਾਪ ਪੰਜਾਬ ਦਾ ਮਸ਼ਹੂਰ ਘੋੜਾ ‘ਦਿਲਬਾਗ ਰਨੀਆ’ ਹੈ ਅਤੇ ਇਸਦੀ ਮਾਂ ਸੁਖਬੀਰ ਬਾਦਲ ਦੇ ਘੋੜੇ ਰਾਜਹੰਸ ਦੀ ਬੇਟੀ ‘ਦਾਨਿਸ’ ਹੈ। ਉਨ੍ਹਾਂ ਦੱਸਿਆ ਕਿ ਇਸਦੀ ਖੁਰਾਕ ਖੱਬਲ ਘਾਹ, ਲੂਸਨ, ਜਵੀਂ, ਜੌਂਅ, ਦਾਣਾ, ਛੋਲੇ, ਬਾਜਰਾ, ਜੋੜਾਂ ਵਾਸਤੇ ਸਪਲੀਮੈਂਟਸ, ਪਾਣੀ ਦੀ ਘਾਟ ਤੋਂ ਬਚਾਅ ਲਈ ਦਵਾਈਆਂ ਅਤੇ ਹੋਰ ਕਈ ਖਾਸ ਤਰ੍ਹਾਂ ਦੇ ਚਾਰੇ ਹਨ। ਡੇਵਿਡ ਦੀ ਦੇਖਭਾਲ ਚਾਰ-ਪੰਜ ਕਾਮੇ ਰੱਖਦੇ ਹਨ। ਇਸਨੂੰ ਸਪੋਰਟਸ ਦੇ ਸ਼ੋਅ ਜੰਪਿਗ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਦੀ ਕੋਈ ਕੀਮਤ ਨਹੀਂ ਕਿਉਂਕਿ ਇਹ ਵਿਕਾਊ ਨਹੀਂ। ਇਸੇ ਮੰਡੀ ਵਿੱਚ ਬਾਦਲ ਪਰਿਵਾਰ ਦੇ ਸਟੱਡ ਫਾਰਮ ਦਾ 72 ਇੰਚੀ ਨੁੱਕਰਾ ਘੋੜਾ ਵੀ ਖਿੱਚ ਦਾ ਕੇਂਦਰ ਹੈ। ਘੋੜਿਆਂ ਦੇ ਨਾਲ ਕੁੱਤੇ, ਬਿੱਲੀਆਂ, ਮੁਰਗੇ ਅਤੇ ਹੋਰ ਜਾਨਵਰ ਵੀ ਮੰਡੀ ਵਿੱਚ ਪੁੱਜੇ ਹਨ। ਉਤਰ ਪ੍ਰਦੇਸ਼ ਆਏ ਇਕ ਵਪਾਰੀ ਨੇ ਦੱਸਿਆ ਕਿ ਉਹ ਨੁਕਰੇ ਘੋੜੇ ਖਰੀਦਣ ਵਾਸਤੇ ਆਇਆ ਹੈ। ਇਕ ਨੁੱਕਰੀ ਘੋੜੀ 35 ਲੱਖ ਦੀ ਖਰੀਦ ਕੀਤੀ ਹੈ। ਇਸੇ ਤਰ੍ਹਾਂ ਮੰਡੀ ਵਿੱਚ ਬੱਕਰੇ, ਬੱਕਰੀਆਂ, ਬੱਤਖਾਂ, ਕੁੱਕੜ ਤੇ ਹੋਰ ਪਸ਼ੂ-ਪੰਛੀ ਵੀ ਖਰੀਦੋ-ਫਰੋਖਤ ਲਈ ਲਿਆਂਦੇ ਗਏ ਹਨ। ਮੰਡੀ ਦੇ ਪ੍ਰਬੰਧਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ’ਚ ਮੰਡੀ ਹੋਰ ਭਰੇਗੀ ਅਤੇ 20 ਜਨਵਰੀ ਤੱਕ ਚੱਲੇਗੀ।