ਆਪਣੇ ਪਰਿਵਾਰ ਲਈ ਰੋਜ਼ੀ

-ਇਲਾਜ ਲਈ ਤਰਸਦੇ ਪਰਿਵਾਰ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ
-ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਦਿਖਾਈ ਦਹਿਸ਼ਤ
ਵਕੀਲ ਮਹਿਰੋਂ 0 ਪੰਜਾਬੀ ਜਾਗਰਣ
ਮੋਗਾ : ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਲਈ ਬਿਹਾਰ ਦੇ ਸੀਤਾਮਢੀ ਜ਼ਿਲ੍ਹੇ ਤੋਂ ਮੋਗਾ ਆਏ ਦੋ ਮਜ਼ਦੂਰ ਸਿਰਫ਼ਿਰਿਆਂ ਦੀ ਗੋਲ਼ੀ ਦਾ ਨਿਸ਼ਾਨਾ ਬਣ ਗਏ। ਦਿਨ ਦਿਹਾੜੇ ਹੋਈ ਇਸ ਘਟਨਾ ਨੇ ਮੋਗਾ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਕ ਮਜ਼ਦੂਰ ਦੇ ਦੋਵੇਂ ਗੋਡਿਆਂ ਵਿਚ ਗੋਲੀਆਂ ਲੱਗੀਆਂ ਹਨ ਜਦਕਿ ਦੂਜੇ ਦੇ ਪੈਰ ਵਿਚ ਵੱਜ ਕੇ ਆਰਪਾਰ ਨਿਕਲ ਗਈ।
ਦੱਸਣਯੋਗ ਹੈ ਮੰਗਲਵਾਰ ਨੂੰ ਮੋਗਾ ਦੇ ਜ਼ੀਰਾ ਰੋਡ ਸਥਿਤ ਇਕ ਮਸਾਲਾ ਫ਼ੈਕਟਰੀ ਦੇ ਨੇੜੇ ਸਵੇਰੇ ਕਰੀਬ 11 ਵਜੇ ਕੁੱਝ ਮਜ਼ਦੂਰ ਕੰਮ ਤੋਂ ਛੁੱਟੀ ਲੈ ਕੇ ਖਾਣਾ ਖਾਣ ਜਾ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਕੁੱਝ ਨੌਜਵਾਨ ਆਏ ਅਤੇ ਬਿਨ੍ਹਾਂ ਕਿਸੇ ਕਾਰਨ ਗੋਲੀਆਂ ਚਲਾਉਣ ਲੱਗ ਪਏ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮਾਂ ਨੇ ਗੋਲੀਬਾਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵੀ ਸਾਂਝੀ ਕੀਤੀ, ਜਿਸ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਹੋਰ ਵਧ ਗਿਆ। ਜ਼ਖ਼ਮੀਆਂ ਵਿਚ ਅਸ਼ੋਕ ਕੁਮਾਰ ਮਾਂਝੀ ਅਤੇ ਸੁਬੋਧ ਕੁਮਾਰ ਸ਼ਾਮਲ ਹਨ, ਜੋ ਬਿਹਾਰ ਦੇ ਸੀਤਾਮਢੀ ਜ਼ਿਲ੍ਹੇ ਦੇ ਵਿਸ਼ੰਭਰਪੁਰ ਨਨਕਾਰ ਪਿੰਡ ਦੇ ਰਹਿਣ ਵਾਲੇ ਹਨ। ਦੋਵੇਂ ਰਿਸ਼ਤੇਦਾਰ ਦੱਸੇ ਜਾਂਦੇ ਹਨ। ਅਸ਼ੋਕ ਦੇ ਦੋਵੇਂ ਗੋਡਿਆਂ ਵਿਚ ਗੋਲੀਆਂ ਲੱਗੀਆਂ ਹਨ, ਜਦਕਿ ਸੁਬੋਧ ਦੇ ਪੈਰ ਦੇ ਅੰਗੂਠੇ ਨੂੰ ਗੋਲੀ ਛੂਹ ਕੇ ਨਿੱਕਲੀ।
ਅਸ਼ੋਕ ਆਪਣੇ ਪਰਿਵਾਰ ਪਤਨੀ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਮੋਗਾ ਆਇਆ ਸੀ। ਉਹ ਸ਼ੈਲਰ ਵਿਚ ਬੋਰੀਆਂ ਚੁੱਕਣ ਦਾ ਕੰਮ ਕਰਦਾ ਸੀ ਅਤੇ ਪ੍ਰਤੀ ਬੋਰੀ ਮਿਹਨਤਾਨਾ ਮਿਲਦਾ ਸੀ। ਮਹੀਨੇ ਵਿਚ ਮੁਸ਼ਕਿਲ ਨਾਲ 10 ਤੋਂ 12 ਹਜ਼ਾਰ ਰੁਪਏ ਕਮਾ ਕੇ ਘਰ ਭੇਜਦਾ ਸੀ। ਹੁਣ ਦੋਵੇਂ ਗੋਡਿਆਂ ਵਿਚ ਗੋਲੀ ਲੱਗਣ ਕਾਰਨ ਉਸਦਾ ਖੜ੍ਹਾ ਹੋਣਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਮੌਕੇ ਸਾਥੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਹੁਣ ਅਸ਼ੋਕ ਕਿਵੇਂ ਕੰਮ ਕਰੇਗਾ ਅਤੇ ਪਰਿਵਾਰ ਦੀ ਰੋਟੀ ਕਿਵੇਂ ਚਲੇਗੀ, ਇਹ ਸਭ ਤੋਂ ਵੱਡਾ ਸਵਾਲ ਹੈ।
ਗੋਲੀ ਲੱਗਣ ਤੋਂ ਬਾਅਦ ਮਾਲਕ ਨੇ ਦੋਵੇਂ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਤੁਰੰਤ ਮਦਦ ਵਜੋਂ 10 ਹਜ਼ਾਰ ਰੁਪਏ ਦਿੱਤੇ। ਮੋਗਾ ਵਿਚ ਗੋਲੀਆਂ ਕੱਢਣ ਤੋਂ ਬਾਅਦ ਅਸ਼ੋਕ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਇਸ ਮੌਕੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਦਵਾਈਆਂ ਅਤੇ ਇਲਾਜ ਦਾ ਖਰਚਾ ਇਸ ਰਕਮ ਨਾਲ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਉਹ ਕਿਸੇ ਨਾਲ ਕੋਈ ਰੰਜਿਸ਼ ਨਹੀਂ ਰੱਖਦੇ ਅਤੇ ਸਿਰਫ਼ ਆਪਣੀ ਮਿਹਨਤ ਨਾਲ ਜੀਵਨ ਬਿਤਾਉਂਦੇ ਹਨ। ਬਿਨ੍ਹਾਂ ਕਿਸੇ ਕਾਰਨ ਉਨ੍ਹਾਂ ’ਤੇ ਗੋਲੀਬਾਰੀ ਹੋਣਾ ਬਹੁਤ ਦੁਖਦਾਈ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਵਾਸੀ ਮਜ਼ਦੂਰ ਸੰਘ ਪੰਜਾਬ ਦੇ ਪ੍ਰਧਾਨ ਵਿਜੇ ਮਿਸ਼ਰਾ ਨੇ ਮੋਗਾ ਦੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਸੰਪਰਕ ਕਰ ਕੇ ਮੁਲਜ਼ਮਾਂ ਦੀ ਤੁਰੰਤ ਗਿਰਫ਼ਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹੋਰ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਗੋਲ਼ੀ ਚਲਾਉਣ ਵਾਲਿਆਂ ਨੂੰ ਵੀ ਜਲਦੀ ਕਾਬੂ ਕੀਤਾ ਜਾਵੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਪਰ ਹਾਲੇ ਤੱਕ ਮੁਲਜ਼ਮ ਕਾਬੂ ਨਹੀਂ ਆਏ। ਇਲਾਕਾ ਵਾਸੀਆਂ ਅਤੇ ਮਜ਼ਦੂਰ ਭਾਈਚਾਰੇ ਵਿਚ ਗੁੱਸਾ ਅਤੇ ਚਿੰਤਾ ਦਾ ਮਾਹੌਲ ਹੈ। ਇਹ ਘਟਨਾ ਸਿਰਫ਼ ਦੋ ਮਜ਼ਦੂਰਾਂ ’ਤੇ ਹਮਲਾ ਨਹੀਂ, ਸਗੋਂ ਮਿਹਨਤਕਸ਼ ਵਰਗ ਦੀ ਸੁਰੱਖਿਆ ’ਤੇ ਵੱਡਾ ਸਵਾਲ ਚਿੰਨ੍ਹ ਹੈ।