ਟ੍ਰੈਫਿਕ ਪੁਲਿਸ ਨੇ ਕੈਂਟਰ ਚਾਲਕਾਂ ਨੂੰ ਦਿੱਤੀ ਨਿਯਮਾਂ ਦੀ ਜਾਣਕਾਰੀ
ਸੜਕ ਸੁਰੱਖਿਆ ਮਹੀਨੇ ਤਹਿਤ ਟ੍ਰੈਫਿਕ ਪੁਲਿਸ ਨੇ ਕੈਂਟਰ ਚਾਲਕਾਂ ਨੂੰ ਦਿੱਤੀ ਨਿਯਮਾਂ ਦੀ ਜਾਣਕਾਰੀ
Publish Date: Mon, 19 Jan 2026 05:38 PM (IST)
Updated Date: Mon, 19 Jan 2026 05:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸੜਕ ਸੁਰੱਖਿਆ ਮਹੀਨੇ ਤਹਿਤ ਅੱਜ ਟਰੈਫਿਕ ਪੁਲਿਸ ਵੱਲੋਂ ਕੈਂਟਰ ਯੂਨੀਅਨ ਗਿੱਦੜਬਾਹਾ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ’ਚ ਵੱਡੀ ਗਿਣਤੀ ’ਚ ਕੈਂਟਰ ਡਰਾਈਵਰਾਂ ਨੇ ਭਾਗ ਲਿਆ। ਇਸ ਕੈਂਪ ਦਾ ਮੁੱਖ ਮਕਸਦ ਭਾਰੀ ਵਾਹਨ ਚਲਾਉਣ ਵਾਲੇ ਡਰਾਈਵਰਾਂ ਨੂੰ ਸੜਕ ਸੁਰੱਖਿਆ ਨਿਯਮਾਂ ਬਾਰੇ ਜਾਣੂ ਕਰਵਾਉਣਾ ਸੀ। ਇਸ ਮੌਕੇ ਟਰੈਫਿਕ ਇੰਚਾਰਜ ਐੱਸਆਈ ਹਰਭਗਵਾਨ ਸਿੰਘ, ਏਐੱਸਆਈ ਜਗਸੀਰ ਪੁਰੀ ਅਤੇ ਏਐੱਸਆਈ ਹਰਬੰਸ ਸਿੰਘ ਨੇ ਡਰਾਈਵਰਾਂ ਨੂੰ ਤੇਜ਼ ਰਫ਼ਤਾਰ, ਓਵਰਲੋਡਿੰਗ ਅਤੇ ਨਸ਼ੇ ਦੀ ਹਾਲਤ ’ਚ ਵਾਹਨ ਚਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੰਮੇ ਸਫ਼ਰ ਦੌਰਾਨ ਥਕਾਵਟ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ, ਇਸ ਲਈ ਸਮੇਂ-ਸਮੇਂ ’ਤੇ ਆਰਾਮ ਕਰਨਾ ਬਹੁਤ ਜ਼ਰੂਰੀ ਹੈ, ਨਾਲ ਹੀ ਵਾਹਨਾਂ ਦੀ ਨਿਯਮਤ ਜਾਂਚ, ਬਰੇਕਾਂ ਅਤੇ ਲਾਈਟਾਂ ਦੀ ਸਹੀ ਹਾਲਤ ਬਣਾਈ ਰੱਖਣ ’ਤੇ ਖ਼ਾਸ ਜ਼ੋਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਡਰਾਈਵਰਾਂ ਨੂੰ ਸੀਟ ਬੈਲਟ ਦੀ ਵਰਤੋਂ ਕਰਨ ਅਤੇ ਮੋਬਾਈਲ ਫ਼ੋਨ ਦੀ ਵਰਤੋਂ ਤੋਂ ਬਚਣ ਦੀ ਸਲਾਹ ਵੀ ਦਿੰਦਿਆਂ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਕਾਨੂੰਨ ਦੀ ਪਾਲਣਾ ਨਹੀਂ, ਸਗੋਂ ਹਰ ਡਰਾਈਵਰ ਦੀ ਨੈਤਿਕ ਜ਼ਿੰਮੇਵਾਰੀ ਹੈ, ਇਸ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸੜਕ ਹਾਦਸਿਆਂ ਤੋਂ ਬਚਾਓ ਹੋ ਸਕੇ।