ਲੀਡਰਾਂ ਦੇ ਲਾਰੇ ਸੁਣ-ਸੁਣ ਅੱਕੇ ਪਏ ਹਨ ਟੱਪਰੀ ਵਾਸ
ਲੀਡਰਾਂ ਦੇ ਲਾਰੇ ਸੁਣ ਸੁਣ ਅੱਕੇ ਪਏ ਹਨ ਟੱਪਰੀ ਵਾਸ
Publish Date: Sat, 06 Dec 2025 03:30 PM (IST)
Updated Date: Sat, 06 Dec 2025 03:33 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਜਦੋਂ ਵੀ ਵੋਟਾਂ ਆਉਂਦੀਆਂ ਹਨ ਤਾਂ ਪਾਰਟੀਆਂ ਦੇ ਲੀਡਰ ਸਾਡੀਆਂ ਝੁੱਗੀਆਂ ’ਚ ਆ ਕੇ ਤਰ੍ਹਾਂ ਤਰ੍ਹਾਂ ਦੇ ਸਬਜਬਾਗ ਦਿਖਾਉਂਦੇ ਹਨ ਪੰਜ ਪੰਜ ਮਰਲੇ ਦੇ ਪਲਾਟ, ਵਿੱਚ ਮਕਾਨ, ਬਿਜਲੀ ਟੂਟੀ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਵਾਅਦੇ ਕਰਦੇ ਹਨ। ਪਰ ਵੋਟਾਂ ਤੋਂ ਬਾਅਦ ‘ਤੂੰ ਕੌਣ ਤੇ ਮੈਂ ਕੌਣ’। ਇਹ ਕਹਿਣਾ ਹੈ ਲੰਬੀ ਹਲਕੇ ਦੇ ਪਿੰਡ ਪੰਨੀਵਾਲਾ ਫੱਤਾ ਦੀ ਅਨਾਜ ਮੰਡੀ ’ਚ ਬੈਠੇ ਟੱਪਰੀ ਵਾਸ ਪਰਿਵਾਰਾਂ ਦਾ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅਸੀਂ 45 ਸਾਲ ਤੋਂ ਪੰਨੀਵਾਲਾ ਫੱਤਾ ਦੀ ਅਨਾਜ ਮੰਡੀ ’ਚ ਝੁੱਗੀਆਂ ਬਣਾ ਕੇ ਬੈਠੇ ਹਾਂ ਅਤੇ ਸਾਡੇ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ, ਇਸ ਪਿੰਡ ਵਿੱਚ ਹੀ ਬਣੇ ਹੋਏ ਹਨ। ਜਦੋਂ ਵੋਟਾਂ ਆਉਂਦੀਆਂ ਹਨ ਤਾਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਵੋਟਾਂ ਲੈ ਲਈਆਂ ਜਾਂਦੀਆਂ ਹਨ ਪਰ ਉਸਤੋਂ ਬਾਅਦ ਸਾਡੀ ਬਾਤ ਨਹੀਂ ਪੁੱਛੀ ਜਾਂਦੀ। ਅਸੀਂ ਨਿੱਕਾ ਮੋਟਾ ਕੰਮ ਕਰਕੇ ਜਾਂ ਦਿਹਾੜੀ ਜਾ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਰੋਟੀ ਦਾ ਜੁਗਾੜ ਬਣਾਉਂਦੇ ਹਾਂ ਅਤੇ ਘਰ ਬਣਾਉਣ ਲਈ ਸਾਡੇ ਕੋਲ ਕੋਈ ਪੈਸਾ ਨਹੀਂ ਹੈ। ਸਾਡੇ ਬੱਚੇ ਅਨਪੜ ਹੀ ਰਹਿ ਜਾਂਦੇ ਹਨ ਕਿਉਂਕਿ ਸਾਡੇ ਕੋਲ ਫੀਸਾਂ, ਵਰਦੀਆਂ, ਕਿਤਾਬਾਂ ਵਾਸਤੇ ਕੁਝ ਵੀ ਨਹੀਂ ਹੈ। ਸਾਡੇ ਬੱਚੇ ਵੀ ਸਿੱਟੇ ਚੁਗਣ, ਮੰਡੀ ਵਿੱਚ ਨਿੱਕਾ ਮੋਟਾ ਕੰਮ ਕਰ ਕੇ ਜੂਨ ਗੁਜ਼ਾਰਾ ਕਰਦੇ ਹਨ। ਸਾਡੀਆਂ ਝੁੱਗੀਆਂ ’ਚ ਬਿਜਲੀ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਲੈਟਰੀਨ ਬਾਥਰੂਮ ਦਾ ਕੋਈ ਪ੍ਰਬੰਧ ਹੈ। ਸਾਡੀਆਂ ਔਰਤਾਂ ਨੂੰ ਨਹਾਉਣਾ ਅਤੇ ਲੈਟਰੀਨ ਬਾਥਰੂਮ ਜਾਣਾ ਬਹੁਤ ਹੀ ਮੁਸ਼ਕਿਲ ਹੈ। ਅਸੀਂ ਗਰਮੀ ਸਰਦੀ ਬਿਨਾਂ ਬਿਜਲੀ ਤੋਂ ਗੁਜ਼ਾਰਦੇ ਹਾਂ ਅਤੇ ਗਰਮੀ ’ਚ ਮੱਛਰ, ਸਰਦੀਆਂ ’ਚ ਅੱਤ ਦੀ ਸਰਦੀ ਵਿੱਚ ਸਾਡੇ ਬੱਚੇ ਅਤੇ ਬਜ਼ੁਰਗ ਬਹੁਤ ਤੰਗ ਹੁੰਦੇ ਹਨ ਪਰ ਅੱਜ ਤੱਕ ਕਿਸੇ ਸਰਕਾਰ ਜਾਂ ਕਿਸੇ ਪੰਚਾਇਤ ਨੇ ਸਾਡੀ ਬਾਂਹ ਨਹੀਂ ਫੜ੍ਹੀ। ਔਰਤਾਂ ਬਾਹਰ ਹੀ ਮਿੱਟੀ ਦੇ ਚੁੱਲੇ ਬਣਾ ਕੇ ਰੋਟੀ ਚਾਹ ਬਣਾਉਂਦੀਆਂ ਹਨ। ਆਸ ਪਾਸ ਗੰਦਗੀ ਦੇ ਢੇਰ ਹੋਣ ਕਾਰਨ ਸਾਡੇ ਬੱਚੇ ਬਜ਼ੁਰਗ ਬਿਮਾਰ ਹੋ ਜਾਂਦੇ ਹਨ ਅਤੇ ਸਾਡੇ ਕੋਲ ਦਵਾਈ ਲੈਣ ਵਾਸਤੇ ਕੋਈ ਪੈਸਾ ਨਹੀਂ ਹੁੰਦਾ ਅਤੇ ਸਾਨੂੰ ਗੰਭੀਰ ਬਿਮਾਰੀਆਂ ਘੇਰ ਲੈਂਦੀਆਂ ਹਨ। ਜਿਨਾਂ ਦਾ ਇਲਾਜ ਕਰਾਉਣਾ ਸਾਡੇ ਵਾਸਤੇ ਬਹੁਤ ਹੀ ਜਿਆਦਾ ਮੁਸ਼ਕਲ ਹੈ। ਜਦ ਕੋਈ ਮੰਤਰੀ, ਐਮਐਲਏ, ਮੁੱਖ ਮੰਤਰੀ ਪਿੰਡ ’ਚ ਆਉਂਦਾ ਹੈ ਤਾਂ ਸਾਨੂੰ ਨੇੜੇ ਹੀ ਨਹੀਂ ਜਾਣ ਦਿੱਤਾ ਜਾਂਦਾ। ਵੋਟਾਂ ਵੇਲੇ ਤਾਂ ਸਾਡੇ ਬੱਚਿਆਂ ਦੀਆਂ ਨਲੀਆਂ ਪੂੰਝਣ ਤੱਕ ਜਾਂਦੇ ਹਨ। ਪਰ ਜਿੱਤਣ ਤੋਂ ਬਾਅਦ ਧੱਕੇ ਮਾਰ ਕੇ ਪਾਸੇ ਕੀਤਾ ਜਾਂਦਾ ਹੈ ਤਾਂ ਕਿ ਇਹ ਕੋਈ ਆਪਣੀ ਸਮੱਸਿਆ ਨਾ ਦੱਸ ਸਕਣ। ਜੱਗਾ ਰਾਮ ਭਾਠ, ਬਬਲੂ ਰਾਮ, ਓਮ ਪ੍ਰਕਾਸ਼, ਕ੍ਰਿਸ਼ਨ ਰਾਮ ,ਸੁਲਤਾਨ ਗੱਟੂ ਕਿਕਰੂ ਰਾਮ, ਮਾੜੀਆ ਰਾਮ, ਲੱਡੂ ਰਾਮ, ਟਪਰੀ ਵਾਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੂਬ ਦੁੱਖੜੇ ਰੋਏ, ਅਤੇ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦੇ ਤਰਲੇ ਕੀਤੇ।