ਸਰਕਾਰ ਦੀ ਅੱਖਾਂ ਬੰਦ, ਕਿਸਾਨਾਂ ਦੇ ਹੌਂਸਲੇ ਰਹੇ ਬੁਲੰਦ
ਸਰਕਾਰ ਦੀ ਅੱਖਾਂ ਬੰਦ, ਕਿਸਾਨਾਂ ਦੇ ਹੌਂਸਲੇ ਰਹੇ ਬੁਲੰਦ
Publish Date: Sat, 06 Dec 2025 05:27 PM (IST)
Updated Date: Sat, 06 Dec 2025 05:30 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿਛਲੇ ਅਠਾਰਾਂ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ’ਚ ਲੋਕ ਹਿਤ ਵਿੱਚ ਜਾਨ ਲਗਾਉਣ ਵਾਲੇ ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਤੇ ਗੰਭੀਰ ਜ਼ਖਮੀ ਬਲਵੰਤ ਸਿੰਘ ਨੰਗਲ ਦੇ ਇਲਾਜ ਦੇ ਮੁਆਵਜ਼ੇ ਦੀਆਂ ਹੱਕੀ ਮੰਗਾ ਲਈ ਡੀਸੀ ਦਫਤਰ ਮੂਹਰੇ ਬੈਠੇ ਕਿਸਾਨ ਸਰਕਾਰ ਨੂੰ ਦਿੱਸ ਨਹੀਂ ਰਹੇ। ਮੰਗਾਂ ਮੰਨਣ ਦੀ ਬਜਾਏ ਸਰਕਾਰ ਬਾਹਰਲੇ ਜਿਲ੍ਹਿਆਂ ਦੀ ਪੁਲਿਸ ਦੇ ਪਹਿਰੇ ਨਾਲ ਸੰਘਰਸ਼ ਨੂੰ ਦਬਾਉਣ ਦਾ ਭਰਮ ਪਾਲ ਰਹੀ ਹੈ। ਕਿਸਾਨ ਬੁਲੰਦ ਹੌਂਸਲਿਆਂ ਨਾਲ ਅੱਜ 19ਵੇਂ ਦਿਨ ਵੀ ਕਿਸਾਨਾਂ ਨੇ ਡੀਸੀ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ। ਇਸ ਮੌਕੇ ਬੋਲਦਿਆਂ ਜਥੇਬੰਦੀ ਉਗਰਾਹਾਂ ਜਥੇਬੰਦੀ ਦੇ ਨੌਜਵਾਨ ਆਗੂਆਂ ਸੁਖਵੀਰ ਸਿੰਘ ਵੜਿੰਗ, ਸੁਖਪ੍ਰੀਤ ਸਿੰਘ ਜੈਤੋ, ਬਲਜੀਤ ਸਿੰਘ ਢੈਪਈ ਤੇ ਵਿੱਕੀ ਜੈਤੋ ਨੇ ਆਖਿਆ ਕਿ ਆਪਣੇ ਹੱਕਾਂ ਹਿਤਾਂ ਲਈ ਸੰਘਰਸ਼ਾਂ ਦੇ ਪਿੜ ਮੱਲਣ ਵਾਲੇ ਜੇਲ੍ਹਾਂ ਥਾਣਿਆਂ ਤੋਂ ਨਹੀਂ ਡਰਦੇ। ਸਰਕਾਰ ਪੁਲਿਸ ਦੀ ਨਫਰੀ ਵਧਾ ਕੇ ਸਾਡੀਆਂ ਹੱਕੀ ਮੰਗਾਂ ਦਬਾਉਣ ਦਾ ਭਰਮ ਪਾਲ ਰਹੀ ਹੈ। ਜਿਸਨੂੰ ਆਉਣ ਵਾਲੇ ਦਿਨਾਂ ’ਚ ਹੋਣ ਵਾਲੇ ਤਿੱਖੇ ਐਕਸ਼ਨ ਨਾਲ ਜੁਆਬ ਦਿੱਤਾ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਸਰਕਾਰ ਇਹ ਨਾ ਭੁੱਲੇ ਕਿ ਉਗਰਾਹਾਂ ਜਥੇਬੰਦੀ ਦਾ ਅਮਲ ਦਸਦਾ ਹੈ ਕਿ ਅਸੀਂ ਹੱਕੀ ਮੰਗਾਂ ਦੀ ਪੂਰਤੀ ਹੋਣ ਤੱਕ ਸੰਘਰਸ਼ਾਂ ਲੜਦੇ ਹਾਂ। ਆਗੂਆਂ ਨੇ ਐਲਾਨ ਕੀਤਾ ਕਿ ਮੁਆਵਜ਼ੇ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ। ਧਰਨੇ ਨੂੰ ਹਰਬੰਸ ਸਿੰਘ ਕੋਟਲੀ, ਨੱਥਾ ਸਿੰਘ ਰੋੜੀਕਪੂਰਾ, ਗੁਰਭਗਤ ਸਿੰਘ ਭਲਾਈਆਣਾ, ਗੁਰਪਾਸ਼ ਸਿੰਘ ਸਿੰਘੇਵਾਲਾ, ਗੁਰਮੀਤ ਸਿੰਘ ਬਿੱਟੂ ਮੱਲਣ, ਨਿਰਮਲ ਸਿੰਘ ਜਿਓਣਵਾਲਾ, ਗੁਰਤੇਜ ਸਿੰਘ ਖੁੱਡੀਆਂ ਨੇ ਮਲਕੀਤ ਸਿੰਘ ਬਹਿਬਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਬੀਰ ਸਿੰਘ ਭਾਗਸਰ, ਜਤਾਰਾ ਸਿੰਘ, ਅਜਾਇਬ ਸਿੰਘ ਮੱਲਣ, ਬਲਦੇਵ ਸਿੰਘ ਰੋੜੀਕਪੂਰਾ, ਬਲਜੀਤ ਸਿੰਘ ਢੈਪਈ, ਹਰਮੇਲ ਸਿੰਘ, ਸੁਖਦੇਵ ਸਿੰਘ ਰਾਮੂਵਾਲਾ ਆਦਿ ਕਿਸਾਨ ਆਗੂ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।