ਚਾਰ ਰੋਜ਼ਾ ‘ਮੇਲਾ ਜਾਗਦੇ ਜੁਗਨੂੰਆਂ ਦਾ’ ਯਾਦਗਾਰੀ ਹੋ ਨਿਬੜਿਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮਕਤਸਰ ਸਾਹਿਬ : 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਕਲਚਰਲ ਅਤੇ ਹੈਰੀਟੇਜ ਸੁਸਾਇਟੀ ਸ੍ਰੀ ਮੁਕਤਸਰ ਦੀ ਅਗਵਾਈ ਹੇਠ ਮੇਲਾ ਜਾਗਦੇ ਜੁਗਨੂੰਆਂ ਦਾ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਚਾਰ ਰੋਜ਼ਾ ‘ਮੇਲਾ ਜਾਗਦੇ ਜੁਗਨੂੰਆਂ ਦਾ’ ਹਵਾ, ਪਾਣੀ, ਧਰਤੀ ਬਚਾਉਣ ਦਾ ਹੋਕਾ ਦਿੰਦਾ ਯਾਦਗਾਰੀ ਹੋ ਨਿਬੜਿਆ। ਮੇਲੇ ’ਚ ਲੱਗੀਆਂ ਕਿਤਾਬਾਂ ਦੇ ਸਟਾਲਾਂ ਤੇ ਪਾਠਕਾਂ ਦੀਆਂ ਭੀੜਾਂ ਦਰਸਾ ਰਹੀਆਂ ਸਨ ਕਿ ਸੋਸ਼ਲ ਮੀਡੀਆ ਦੇ ਹੁੰਦਿਆਂ ਵੀ ਪਾਠਕ ਪੁਸਤਕਾਂ ਨਾਲੋਂ ਨਹੀਂ ਟੁੱਟੇ, ਦੇਸੀ ਖਾਣੇ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਮਖਣੀ, ਚਾਟੀ ਦੀ ਖੱਟੀ ਮਿੱਠੀ ਲੱਸੀ, ਕਾੜ੍ਹਨੀ ਦਾ ਦੁੱਧ, ਗੁੜ ਦੀਆਂ ਸੇਵੀਆਂ, ਮਾਲ੍ਹ ਪੂੜੇ, ਗੁਲਗਲੇ, ਭੂਤ ਪਿੰਨੇ, ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਪਹਿਰਾਵਾ, ਕਸ਼ਮੀਰੀ ਸੁੱਕੇ ਮੇਵੇ, ਕਸ਼ਮੀਰੀ ਕਾਹਵਾ, ਸ਼ਹਿਦ ਨਾਲ ਬਣੀਆਂ ਵਸਤਾਂ ਘੁਲਾੜੇ ਦੇ ਗੁੜ ਤੋਂ ਬਣੀਆਂ ਵੱਖ-ਵੱਖ ਵਸਤਾਂ, ਭੱਠੀ ‘ਤੇ ਦਾਣੇ ਭੁੰਨ ਰਹੀ ਭਠਿਆਰਨ, ਵਿਰਾਸਤੀ ਰੁੱਖਾਂ ਦਾ ਲੰਗਰ, ਖਿੱਚ ਦਾ ਕੇਂਦਰ ਰਹੀਆਂ। ਪੰਜਾਬ ਅਜੀਵਕਾ ਮਿਸ਼ਨ ਸੈਲਫ ਹੈਲਪ ਗਰੁੱਪ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਗਿੱਦੜਬਾਹਾ ਦੇ ਪਿੰਡਾਂ ਦੀਆਂ ਔਰਤਾਂ ਨੇ ਆਪਣੇ ਵੱਖ-ਵੱਖ ਸਟਾਲ ਲਗਾ ਕੇ ਦੱਸ ਦਿੱਤਾ ਕਿ ਔਰਤਾਂ ਘਰ ਦੀ ਚਾਰ ਦੁਆਰੀ ਅੰਦਰ ਹੀ ਨਹੀਂ ਬਲਕਿ ਆਪਣੇ ਹੁਨਰ ਸਦਕਾ ਆਜ਼ਾਦ ਫ਼ਿਜ਼ਾਵਾਂ ਵਿੱਚ ਸਫ਼ਲ ਉਡਾਣ ਭਰ ਚੁੱਕੀਆਂ ਹਨ। ਇਸ ਤੋਂ ਇਲਾਵਾ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਵੀ ਮੇਲਾ ਦਿਖਾਇਆ। ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੀ ਸਟਾਲ ਲਗਾ ਕੇ ਸਰਕਾਰੀ ਹਰ ਤਰ੍ਹਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਕਲਚਰਲ ਅਤੇ ਹੈਰੀਟੇਜ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੇ ਅਫ਼ਸਰ ਜਗਮੋਹਨ ਸਿੰਘ ਮਾਨ ਅਤੇ ਉਹਨਾਂ ਦੀ ਟੀਮ ਵੱਲੋਂ ਵੀ ਮੇਲੇ ਨੂੰ ਸਫਲ ਬਣਾਉਣ ਵਿੱਚ ਚਾਰੇ ਦਿਨ ਵਡਮੁੱਲਾ ਯੋਗਦਾਨ ਪਾਇਆ ਗਿਆ। ਮੇਲੇ ਦੇ ਆਖਰੀ ਦਿਨ ਰੋਗਿਆਂ ਵਾਲੇ ਕਵੀਸ਼ਰੀ ਜਥੇ ਵੱਲੋਂ 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ , ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਮਹਾਂ ਸਿੰਘ ਦੀ ਟੁੱਟੀ ਗੰਢਣ ਦਾ ਇਤਿਹਾਸ ਛੰਦਾ ਬੰਦੀ ਰਾਹੀਂ ਸੁਣਾਇਆ। ਖੇਤੀ ਸੰਵਾਦ ’ਚ ਜਗਤਾਰ ਅਣਜਾਣ , ਗੁਰਵਿੰਦਰ ਸਿੰਘ ਬੀਰੋਕੇ , ਬਲਵਿੰਦਰ ਸਿੰਘ ਨਾਭਾ, ਅਮਰਜੀਤ ਸਿੰਘ ਭਗਤ ਪੂਰਨ ਸਿੰਘ ਸੰਸਥਾਂ ਵੱਲੋਂ ਖੇਤੀ ਧੰਦੇ ਵਿੱਚ ਆ ਰਹੀਆਂ ਸਮੱਸਿਆ ਬਾਰੇ ਵਾਰਤਾਲਾਪ ਕੀਤੀ। ਧਾਰਮਿਕ ਗਾਇਕੀ ਦੀ ਸਟੇਜ ਤੇ ਬਾਲ ਕਲਾਕਾਰ ਰਿਸ਼ਵਦੀਪ ਨੇ ਬੜੀ ਹੀ ਸੁਰੀਲੀ ਆਵਾਜ਼ ਵਿੱਚ, ਗੀਤ, ਹਵਾ ਪਾਣੀ ਮਿੱਟੀ ਨੂੰ ਬਚਾਓ ਦੋਸਤੋ, ਰਾਹੀਂ ‘ਮੇਲਾ ਜਾਗਦੇ ਜੁਗਨੂੰਆਂ ਦਾ’ ਮੁੱਖ ਮਕਸਦ ਆਪਣੇ ਗੀਤ ਰਾਹੀਂ ਸਾਂਝਾ ਕੀਤਾ, ਮੰਚ ਦਾ ਸੰਚਾਲਨ ਗਾਇਕਾ ਕਿਰਨ ਸਾਬੋ ਨੇ ਕੀਤਾ ਤੇ ਆਪਣੇ ਗੀਤਾਂ ਰਾਂਹੀ ਵੀ ਹਾਜ਼ਰੀ ਲਗਵਾਈ। ਮੇਲੇ ‘ਚ ਸੁਰਿੰਦਰਪਾਲ ਸਿੰਘ ਢਿੱਲੋਂ ਏਡੀਸੀ ਵਿਕਾਸ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਜਿੱਥੇ ਸਿਹਤ ਅਤੇ ਸਿਹਤ ਬਚਾਉਣ ਦਾ ਹੋਕਾ ਦਿੰਦੇ ਮੇਲੇ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਉੱਥੇ ਦੱਸਿਆ ਕਿ ਐਸੇ ਮੇਲੇ ਹਰ ਜਿਲ੍ਹੇ ਵਿੱਚ ਲੱਗਣੇ ਚਾਹੀਦੇ ਹਨ ਤਾਂ ਕਿ ਧਰਤੀ ਪਾਣੀ ਹਵਾ ਨੂੰ ਬਚਾਉਣ, ਦੇਸੀ ਖਾਣੇ, ਮਾਂ ਬੋਲੀ ਪੰਜਾਬੀ, ਪੰਜਾਬੀ ਪਹਿਰਾਵੇ, ਪੁਸਤਕਾਂ ਰਾਹੀਂ ਸਾਡੀ ਨਵੀਂ ਪੀੜੀ ਨੂੰ ਜਾਣਕਾਰੀ ਮਿਲ ਸਕੇ। ਇਸ ਮੌਕੇ ਉਨ੍ਹਾਂ ‘ਮੇਲਾ ਜਾਗਦੇ ਜੁਗਨੂੰਆਂ ਦਾ’ਦੀ ਸਮੁੱਚੀ ਟੀਮ ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਮੇਲੇ ਨੂੰ ਸਫਲ ਬਣਾਉਣ ਵਾਲੇ ਮੁਲਾਜ਼ਮਾਂ, ਸਮਾਜ ਸੇਵੀ ਸੰਸਥਾਵਾਂ ਦਾ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਮੇਲਾ ਪ੍ਰਬੰਧਕ ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਰਾਹੀਂ ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਨੂੰ ਵੀ ਰੁਜ਼ਗਾਰ ਦਿੱਤਾ ਗਿਆ ਹੈ, ਜ਼ਿਲ੍ਹਾ ਕਲਚਰਲ ਅਤੇ ਹੈਰੀਟੇਜ ਸੁਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਅਫ਼ਸਰ ਜਗਮੋਹਨ ਸਿੰਘ ਮਾਨ ਉਹਨਾਂ ਦੀ ਟੀਮ ,ਰੈਡ ਕਰਾਸ ਸੁਸਾਇਟੀ ਸ਼੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦਾ ਵੀ ਮੇਲੇ ਨੂੰ ਸਫਲ ਬਣਾਉਣ ਲਈ ਵਡਮੁੱਲਾ ਯੋਗਦਾਨ ਰਿਹਾ ਹੈ। ਇਸ ਮੌਕੇ ‘ਮੇਲਾ ਜਾਗਦੇ ਜੁਗਨੂੰਆਂ ਦਾ’ ਦੀ ਟੀਮ ਚੋਂ ਪ੍ਰਧਾਨ ਜਗਤਾਰ ਸਿੰਘ ਮਾਨ, ਸੁਖਵਿੰਦਰ ਸਿੰਘ ਸੁੱਖਾ, ਹਰਵਿੰਦਰ ਸਿੰਘ ਬਰਾੜ, ਹਰਮਿਲਾਪ ਗਰੇਵਾਲ, ਪ੍ਰੀਤ ਕੈਂਥ,ਗਾਇਕਾ ਕਿਰਨ ਸਾਬੋ, ਰੁਪਿੰਦਰ ਕੌਰ ਬਠਿੰਡਾ, ਸੁਖਜੀਵਨ ਢਿੱਲੋਂ,ਵੀਰੂ ਰੋਮਾਣਾ, ਮਨਪ੍ਰੀਤ ਸਿੰਘ ਫਰੀਦਕੋਟ, ਅਤੇ ਜਗਜੀਤ ਸਿੰਘ ਮਾਨ ਸੇਵਾ ਮੁਕਤ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਹਿਮਾਚਲ ਪ੍ਰਦੇਸ਼, ਉਨ੍ਹਾਂ ਦੀ ਜੀਵਨ ਸਾਥਣ ਨੇ ਵੀ ਮੇਲੇ ਨੂੰ ਸਫਲ ਬਣਾਉਣ ਵਿੱਚ ਬਣਦਾ ਯੋਗਦਾਨ ਪਾਇਆ।