ਆਖਰ 20 ਦਿਨਾਂ ਤੋਂ ਸੁੱਤੀ ਸਰਕਾਰ ਤੇ ਪ੍ਰਸ਼ਾਸਨ ਦੀ ਖੁੱਲ੍ਹੀ ਜਾਗ
ਉਗਰਾਹਾਂ ਜਥੇਬੰਦੀ ਦੀਆਂ ਮੁਆਵਜ਼ੇ ਦੀਆਂ ਮੰਗਾਂ ਹੋਈਆਂ ਪ੍ਰਵਾਨ
Publish Date: Mon, 08 Dec 2025 06:56 PM (IST)
Updated Date: Mon, 08 Dec 2025 06:57 PM (IST)

ਸੁਖਦੀਪ ਸਿੰਘ ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਫਾਜ਼ਿਲਕਾ ਖੇਤਰ ’ਚ ਹੜ੍ਹ ਪੀੜ੍ਹਤ ਕਿਸਾਨਾਂ ਨੂੰ ਕਣਕ ਦਾ ਬੀਜ ਵੰਡ ਕੇ ਪਰਤਦਿਆਂ ਆਪਣੀ ਜਾਨ ਗਵਾ ਗਏ ਜਥੇਬੰਦੀ ਦੇ ਕੋਟਕਪੂਰਾ ਬਲਾਕ ਦੇ ਆਗੂ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ, ਸਾਰਾ ਕਰਜ਼ਾ ਮੁਆਫ਼ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਤੇ ਗੰਭੀਰ ਜ਼ਖਮੀ ਬਲਵੰਤ ਸਿੰਘ ਨੰਗਲ ਦੇ ਮੁਕੰਮਲ ਇਲਾਜ ਲਈ ਮੁਆਵਜ਼ੇ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਚੱਲ ਰਹੇ ਧਰਨੇ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਸਰਕਾਰ ਵੱਲੋਂ ਡੀਆਈਜੀ ਫਰੀਦਕੋਟ ਤੇ ਡੀਸੀ ਸ੍ਰੀ ਮੁਕਤਸਰ ਸਾਹਿਬ ਨਾਲ ਹੋਈ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਤੇ ਸੂਬਾਈ ਆਗੂ ਰੂਪ ਸਿੰਘ ਛੰਨਾ, ਸਥਾਨਕ ਆਗੂਆਂ ਹਰਬੰਸ ਸਿੰਘ ਕੋਟਲੀ, ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਨੱਥਾ ਸਿੰਘ ਰੋੜੀ ਕਪੂਰਾ ਤੇ ਨਿਰਮਲ ਸਿੰਘ ਜਿਉਣ ਸਿੰਘ ਵਾਲਾ ਨਾਲ ਹੋਈ ਮੀਟਿੰਗ ’ਚ ਜਥੇਬੰਦੀ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਗਈਆਂ। ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਲਈ 10 ਲੱਖ ਰੁਪਏ ਦਾ ਚੈੱਕ ਦੇਣ ਦੇ ਨਾਲ ਨਾਲ ਪਰਿਵਾਰ ਦਾ ਕਰਜ਼ਾ ਪੜਤਾਲ ਉਪਰੰਤ ਮੁਆਫ਼ ਕਰਨ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਲਈ ਸਰਕਾਰ ਨੂੰ ਸਿਫਾਰਸ਼ ਕਰਨ ਤੇ ਗੰਭੀਰ ਜ਼ਖਮੀ ਆਗੂ ਬਲਵੰਤ ਸਿੰਘ ਨੰਗਲ ਦੇ ਇਲਾਜ ਦਾ ਸਾਰਾ ਖਰਚਾ ਪ੍ਰਸ਼ਾਸਨ ਵੱਲੋਂ ਅਦਾ ਕਰਨ ਦੇਣ ਦੀਆਂ ਮੰਗਾਂ ਪ੍ਰਵਾਨ ਹੋਣ ਉਪਰੰਤ ਸੂਬਾਈ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਨੂੰ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪ੍ਰਸ਼ਾਸਨ ਵੱਲੋਂ ਮੰਗਾਂ ਪ੍ਰਵਾਨ ਕਰਨ ਉਪਰੰਤ ਮੰਗਾਂ ਪੂਰੀ ਤਰ੍ਹਾਂ ਲਾਗੂ ਹੋਣ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਆਪਣੇ ਹੱਕਾਂ ਹਿਤਾਂ, ਜ਼ਮੀਨਾਂ, ਰੁਜ਼ਗਾਰ ਨੂੰ ਬਚਾਉਣ ਲਈ ਸਿਰ ਜੋੜ ਕੇ ਵੱਡੀ ਤਾਕਤ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਗੁਰਮੀਤ ਸਿੰਘ ਬਿੱਟੂ ਮੱਲਣ, ਜਸਵੀਰ ਸਿੰਘ ਘਾਲੀ, ਰਾਜਾ ਸਿੰਘ ਮਹਾਂਬੱਧਰ, ਹਰਫੂਲ ਸਿੰਘ ਭਾਗਸਰ, ਅਜਾਇਬ ਸਿੰਘ ਮੱਲਣ, ਜਸਵੀਰ ਸਿੰਘ ਦੋਦਾ, ਬਿੱਕਰ ਸਿੰਘ ਭਲਾਈਆਣਾ, ਕੁਲਬੀਰ ਸਿੰਘ ਭਾਗਸਰ, ਤਰਸੇਮ ਸਿੰਘ ਖੁੰਡੇ ਹਲਾਲ ਸਮੇਤ ਆਦਿ ਕਿਸਾਨ, ਮਜ਼ਦੂਰ ਆਗੂ ਵੱਡੀ ਗਿਣਤੀ ’ਚ ਮੌਜੂਦ ਸਨ।