ਪੰਜਾਬ ਵਿਚ ਪੋਹ ਮਹੀਨੇ ਦੀ ਕੜਾਕੇਦਾਰ

* ਸੀਤ ਲਹਿਰ ਕਾਰਨ ਜਨ-ਜੀਵਨ ਪ੍ਰਭਾਵਿਤ, ਲੋਕ ਲੈ ਰਹੇ ਅੱਗ ਦਾ ਸਹਾਰਾ
ਕੈਪਸ਼ਨ : ਠੰਢ ਕਾਰਨ ਘਰ ’ਚ ਬਜ਼ੁਰਗ ਅਤੇ ਬੱਚੇ ਅੱਗ ਸੇਕ ਕੇ ਗੁਜ਼ਾਰਾ ਕਰਦੇ ਹੋਏ।
ਗੋਦੀ ‘ਚ ਬਿਠਾ ਪੋਤੇ ਨੂੰ ਠੰਢ ਤੋਂ ਬਚਾਉਣ ਲਈ ਅੱਗ ਸੇਕ ਰਹੀ ਦਾਦੀ।
ਡਾ ਜਗਤਾਰ ਸਿੰਘ ਸੇਖੋਂ।
ਮਨਪ੍ਰੀਤ ਸਿੰਘ ਮੱਲੇਆਣਾ/ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ : ਪੰਜਾਬ ’ਚ ਪੋਹ ਮਹੀਨੇ ਦੀ ਕੜਾਕੇਦਾਰ ਸਰਦੀ ਨੇ ਪੂਰੀ ਤਰ੍ਹਾਂ ਆਪਣਾ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ, ਹੱਡ ਚੀਰਵੀਂ ਠੰਢ ਤੇ ਧੁੰਦ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਤੜਕਸਾਰ ਪੈਂਦੀ ਤਿੱਖੀ ਠੰਢ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਘਬਰਾਉਂਦੇ ਨਜ਼ਰ ਆਏ। ਕੰਮਕਾਜ ਲਈ ਨਿਕਲਣ ਵਾਲੇ ਲੋਕ ਠੁਰ-ਠੁਰ ਕਰਦੇ ਦਿਖਾਈ ਦਿੱਤੇ ਜਦਕਿ ਸੜਕਾਂ, ਚੌਕਾਂ ਅਤੇ ਬੱਸ ਅੱਡਿਆਂ ‘ਤੇ ਠੰਢ ਦਾ ਕਹਿਰ ਸਾਫ਼ ਨਜ਼ਰ ਆਇਆ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਰਦੀ ਆਪਣੀ ਪਕੜ ਮਜ਼ਬੂਤ ਕਰ ਰਹੀ ਸੀ, ਪਰ ਬੁੱਧਵਾਰ ਸਵੇਰੇ ਪਈ ਹੱਡ ਚੀਰਵੀਂ ਠੰਢ ਨੇ ਲੋਕਾਂ ਨੂੰ ਅਸਲ ਮਾਇਨੇ ਵਿਚ ਕੰਬਾ ਕੇ ਰੱਖ ਦਿੱਤਾ। ਕਈ ਇਲਾਕਿਆਂ ਵਿਚ ਸੰਘਣਾ ਕੋਹਰਾ ਛਾਇਆ ਰਹਿਣ ਕਾਰਨ ਵਿਜੀਬਿਲਟੀ ਘੱਟ ਰਹੀ, ਇਸ ਕਾਰਨ ਸਵੇਰੇ ਦੀ ਆਵਾਜਾਈ ‘ਤੇ ਵੀ ਅਸਰ ਪਿਆ। ਇਸ ਮੌਕੇ ਵਾਹਨ ਚਾਲਕਾਂ ਨੂੰ ਬਹੁਤ ਸਾਵਧਾਨੀ ਨਾਲ ਗੱਡੀਆਂ ਚਲਾਉਣੀਆਂ ਪਈਆਂ ਅਤੇ ਕਈ ਥਾਵਾਂ ‘ਤੇ ਰਫ਼ਤਾਰ ਕਾਫ਼ੀ ਹੌਲੀ ਰਹੀ। ਠੰਢ ਦਾ ਸਭ ਤੋਂ ਵੱਧ ਅਸਰ ਬਜ਼ੁਰਗਾਂ, ਬੱਚਿਆਂ ਅਤੇ ਮਜ਼ਦੂਰ ਵਰਗ ‘ਤੇ ਵੇਖਣ ਨੂੰ ਮਿਲਿਆ। ਸਵੇਰੇ-ਸਵੇਰੇ ਕਈ ਚੌਕਾਂ, ਗਲੀਆਂ ਅਤੇ ਖੁੱਲ੍ਹੀਆਂ ਥਾਵਾਂ ‘ਤੇ ਲੋਕ ਅੱਗ ਸੇਕਦੇ ਨਜ਼ਰ ਆਏ। ਬਜ਼ੁਰਗਾਂ ਅਤੇ ਨਿੱਕੇ ਬੱਚਿਆਂ ਨੂੰ ਅੱਗ ਦੇ ਨੇੜੇ ਬਿਠਾ ਕੇ ਠੰਢ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਗਰੀਬ ਅਤੇ ਬੇਸਹਾਰਾ ਲੋਕਾਂ ਲਈ ਇਹ ਸਰਦੀ ਵੱਡੀ ਮੁਸ਼ਕਲ ਬਣੀ ਹੋਈ ਹੈ, ਜੋ ਰਾਤਾਂ ਨੂੰ ਵੀ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਨ ਲਈ ਮਜਬੂਰ ਹਨ। ਧੁੰਦ ਅਤੇ ਠੰਢ ਕਾਰਨ ਆਪਣੇ ਆਪਣੇ ਕੰਮਾਂ ਅਤੇ ਦਫ਼ਤਰਾਂ ਨੂੰ ਜਾਣ ਵਾਲੇ ਕਰਮਚਾਰੀਆਂ ਨੂੰ ਵੀ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਵਿਚ ਠੰਢ ਅਤੇ ਧੁੰਦ ਵਿਚ ਹੋਰ ਵਾਧਾ ਹੋ ਸਕਦਾ ਹੈ। ਮੌਸਮ ਮਾਹਿਰਾਂ ਮੁਤਾਬਕ ਉੱਤਰੀ ਹਵਾਵਾਂ ਕਾਰਨ ਤਾਪਮਾਨ ਵਿਚ ਹੋਰ ਗਿਰਾਵਟ ਆ ਸਕਦੀ ਹੈ, ਜਿਸ ਨਾਲ ਠੰਢ ਦਾ ਅਸਰ ਹੋਰ ਤੇਜ਼ ਹੋਵੇਗਾ। ਇਸੇ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੋੜ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਵੀ ਲੋਕਾਂ ਲਈ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਨੇ ਕਿਹਾ ਹੈ ਕਿ ਗਰਮ ਕੱਪੜੇ ਪਹਿਨੇ ਜਾਣ, ਸਿਰ ਅਤੇ ਕੰਨ ਢੱਕ ਕੇ ਰੱਖੇ ਜਾਣ ਅਤੇ ਠੰਢੀ ਹਵਾ ਤੋਂ ਬਚਾਅ ਕੀਤਾ ਜਾਵੇ। ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਵਿਅਕਤੀਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ ਟ੍ਰੈਫਿਕ ਵਿਭਾਗ ਵੱਲੋਂ ਧੁੰਦ ਦੇ ਮੱਦੇਨਜ਼ਰ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਮੌਸਮ ਮਾਹਿਰਾਂ ਅਨੁਸਾਰ ਅਗਲੇ ਕੁਝ ਦਿਨਾਂ ਤੱਕ ਠੰਢ ਦਾ ਕਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਅਜਿਹੇ ਵਿਚ ਲੋਕਾਂ ਨੂੰ ਚਾਹੀਦਾ ਹੈ ਕਿ ਪੂਰੀ ਸਾਵਧਾਨੀ ਵਰਤਣ, ਆਪਣੀ ਸਿਹਤ ਦਾ ਖ਼ਿਆਲ ਰੱਖਣ ਅਤੇ ਸਰਦੀ ਤੋਂ ਬਚਾਅ ਲਈ ਸਾਰੇ ਲੋੜੀਂਦੇ ਉਪਾਅ ਅਪਣਾਉਣ, ਤਾਂ ਜੋ ਠੰਢ ਦੇ ਇਸ ਕਹਿਰ ਤੋਂ ਸੁਰੱਖਿਅਤ ਰਹਿਆ ਜਾ ਸਕੇ।
ਬੰਦ ਕਮਰੇ ’ਚ ਅੰਗੀਠੀ ਜਲਾਉਣ ਤੋਂ ਕੀਤਾ ਜਾਵੇ ਪਰਹੇਜ਼ : ਡਾ. ਸੇਖੋਂ
ਇਲੈਕਟ੍ਰੋਹੋਮਿਓਪੈਥਿਕ ਦੇ ਮਾਹਿਰ ਡਾ ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਅਜਿਹੀ ਠੰਢ ਵਿਚ ਆਮ ਦੇਖਣ ਵਿਚ ਆਇਆ ਹੈ ਕਿ ਲੋਕਾਂ ਵੱਲੋਂ ਠੰਢ ਤੋਂ ਵਚਣ ਲਈ ਰਾਤ ਸਮੇਂ ਬੰਦ ਕਮਰਿਆਂ ਵਿਚ ਅੰਗੀਠੀ ਦਾ ਸਹਾਰਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਗੀਠੀ ਦੇ ਧੂੰਏ ਵਿਚ ਕਾਰਬਨਡਾਈਕਸਾਇਡ ਗੈਸ ਬਣਨ ਨਾਲ ਆਕਸੀਜਨ ਘੱਟ ਜਾਂਦੀ ਹੈ ਅਤੇ ਸਾਹ ਘੁੱਟਣ ਨਾਲ ਮੌਤ ਵੀ ਹੋ ਜਾਂਦੀ ਹੈ। ਇਸ ਲਈ ਰਾਤ ਸਮੇਂ ਬੰਦ ਕਮਰੇ ਵਿਚ ਅੰਗੀਠੀ ਦਾ ਸਹਾਰਾ ਲੈਣਾ ਜਾਣ ਜੋਖਮ ਵਿਚ ਪੌਣਾ ਹੈ।