ਨਸਬੰਦੀ ਪੰਦਰਵਾੜਾ ਭਲਕੇ ਤੋਂ ਸ਼ੁਰੂ : ਡਾ. ਜੈਨ
ਪੰਜਾਬ ਸਰਕਾਰ ਦੇ ਸਿਹਤ ਅਤੇ
Publish Date: Wed, 19 Nov 2025 04:11 PM (IST)
Updated Date: Wed, 19 Nov 2025 04:13 PM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸਬੰਦੀ ਪੰਦਰਵਾੜਾ ਸਿਹਤ ਵਿਭਾਗ ਮੋਗਾ ਵੱਲੋਂ 21 ਨਵੰਬਰ ਤੋਂ ਸ਼ੁਰੂ ਹੈ। ਇਸ ਬਾਰੇ ਜਾਗਰੂਕ ਕਰਦੇ ਹੋਏ ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫ਼ਸਰ ਡਾ. ਰੀਤੂ ਜੈਨ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਸੁਰੱਖਿਅਤ ਨਸਬੰਦੀ ਸੇਵਾਵਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਫੈਲਾਉਣਾ ਅਤੇ ਯੋਗ ਜੋੜਿਆਂ ਨੂੰ ਸਿਹਤਮੰਦ ਪਰਿਵਾਰ ਯੋਜਨਾ ਅਪਣਾਉਣ ਲਈ ਜਾਗਰੂਕ ਅਤੇ ਉਤਸ਼ਾਹਿਤ ਕਰਨਾ ਹੈ। ਡਾ. ਰੀਤੂ ਜੈਨ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਸਿਰਫ਼ ਜਨਸੰਖਿਆ ਕੰਟਰੋਲ ਦਾ ਹੀ ਸਾਧਨ ਨਹੀਂ, ਬਲਕਿ ਮਾਂ-ਬੱਚੇ ਦੀ ਸਿਹਤ, ਪਰਿਵਾਰ ਦੀ ਆਰਥਿਕ ਸਥਿਤੀ ਅਤੇ ਸਮਾਜਿਕ ਤਰੱਕੀ ਲਈ ਵੀ ਬਹੁਤ ਜ਼ਰੂਰੀ ਹੈ। ਨਸਬੰਦੀ-ਚਾਹੇ ਔਰਤਾਂ ਲਈ ਟਿਊਬੈਕਟਮੀ ਹੋਵੇ ਜਾਂ ਪੁਰਸ਼ਾਂ ਲਈ ਵੈਸੈਕਟਮੀ ਇਕ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਇਕ-ਵਾਰ ਕੀਤਾ ਜਾਣ ਵਾਲਾ ਪਰਿਵਾਰ ਨਿਯੋਜਨ ਢੰਗ ਹੈ, ਜੋ ਹਮੇਸ਼ਾ ਲਈ ਭਰੋਸੇਮੰਦ ਸੁਰੱਖਿਆ ਪ੍ਰਦਾਨ ਕਰਦਾ ਹੈ। ਸਮੂਹ ਐੱਸਐੱਮਓ ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਨਸਬੰਦੀ ਪੰਦਰਵਾੜਾ ਦੌਰਾਨ ਸਾਰੇ ਬਲਾਕਾਂ ਵਿਚ ਹੇਠ ਲਿਖੀਆਂ ਸਰਗਰਮੀਆਂ ਸ਼ਾਮਲ ਕੀਤੀਆਂ ਜਾਣਗੀਆਂ ਹੈਲਥ ਵੈੱਲਨੈੱਸ ਕੇਂਦਰ, ਕਮਿਊਨਟੀ ਹੈਲਥ ਸੈਂਟਰਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਖ਼ਾਸ ਨਸਬੰਦੀ ਕੈਂਪ ਦੌਰਾਨ ਪਰਿਵਾਰ ਨਿਯੋਜਨ ਬਾਰੇ ਲੋਕ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਪੰਪਲੈਟ, ਪੋਸਟਰ ਅਤੇ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ----- - ਉੱਚ ਗੁਣਵੱਤਾ ਵਾਲੀਆਂ ਸੁਰੱਖਿਅਤ ਨਸਬੰਦੀ ਸੇਵਾਵਾਂ ਦਾ ਮੁਫ਼ਤ ਪ੍ਰਬੰਧ ਸਿਹਤ ਵਿਭਾਗ ਵੱਲੋਂ ਵਧੇਰੇ ਯੋਗ ਜੋੜਿਆਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਸਿਹਤ ਕੇਂਦਰਾਂ ਨਾਲ ਸੰਪਰਕ ਕਰ ਕੇ ਉਪਲਬਧ ਪਰਿਵਾਰ ਨਿਯੋਜਨ ਦੇ ਤਰੀਕੇ ਜਿਵੇਂ ਕਿ ਕਾਪਰ-ਟੀ, ਕੰਡੋਮ, ਗੋਲੀਆਂ, ਇੰਜੈਕਸ਼ਨ ਅਤੇ ਨਸਬੰਦੀ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਹਰ ਜੋੜੇ ਨੂੰ ਆਪਣੀ ਸੁਵਿਧਾ, ਸਿਹਤ ਸਥਿਤੀ ਅਤੇ ਪਰਿਵਾਰਕ ਯੋਜਨਾ ਦੇ ਅਨੁਸਾਰ ਸਭ ਤੋਂ ਉਚਿਤ ਢੰਗ ਦੀ ਚੋਣ ਕਰਨ ਲਈ ਮਾਹਰ ਡਾਕਟਰ ਵੱਲੋਂ ਸਲਾਹ ਮੁਫ਼ਤ ਦਿੱਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਨਸਬੰਦੀ ਪੰਦਰਵਾੜਾ ਦੌਰਾਨ ਪੁਰਸ਼ ਨਸਬੰਦੀ (ਵੈਸੈਕਟਮੀ) ਨੂੰ ਵਿਸ਼ੇਸ਼ ਤੌਰ ਤੇ ਪਹਿਲ ਦੇਣ ਲਈ ਜਾਗਰੂਕ ਜਾ ਰਿਹਾ ਹੈ, ਕਿਉਂਕਿ ਇਹ ਇਕ ਆਸਾਨ, ਤੇਜ਼ ਤੇ ਬਿਨਾਂ ਟਾਂਕੇ ਦੀ ਪ੍ਰਕਿਰਿਆ ਹੈ ਜੋ ਮਹਿਲਾਵਾਂ ਦੀ ਜ਼ਿੰਮੇਵਾਰੀ ਨੂੰ ਘਟਾਉਂਦੀ ਹੈ। ਸਿਹਤ ਵਿਭਾਗ ਨੇ ਸਮਾਜ ਦੇ ਸਭ ਵਰਗਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਜਾਗਰੂਕਤਾ ਮੁਹਿੰਮ ਵਿਚ ਸਹਿਯੋਗ ਦੇ ਕੇ ਪਰਿਵਾਰ ਨਿਯੋਜਨ ਬਾਰੇ ਗਲਤਫ਼ਹਿਮੀ ਜਾ ਕਿਸੇ ਵਹਿਮਾਂ-ਭਰਮਾਂ ਤੋਂ ਦੂਰ ਕਰਨ ਵਿਚ ਸਹਾਇਤਾ ਕਰਨ। ਇਸ ਮੌਕੇ ਪਰਵੀਨ ਸ਼ਰਮਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਨੇ ਕਿਹਾ ਕਿ ਸਿਹਤ ਵਿਭਾਗ ਦਾ ਮਕਸਦ ਹੈ ਕਿ ਹਰ ਪਰਿਵਾਰ ਸਿਹਤਮੰਦ, ਸੁਰੱਖਿਅਤ ਅਤੇ ਸਮਰੱਥ ਹੋਵੇ ਅਤੇ ਹਰ ਯੋਗ ਜੋੜਿਆ ਨੂੰ ਆਪਣੀ ਸਿਹਤ ਅਤੇ ਭਵਿੱਖ ਬਾਰੇ ਸੁਚੇਤ ਫੈਸਲਾ ਲੈਣ ਦੀ ਪੂਰੀ ਆਜ਼ਾਦੀ ਅਤੇ ਸਹੂਲਤ ਪ੍ਰਦਾਨ ਕੀਤੀ ਜਾਵੇ।