ਫਰੀਦਕੋਟ ’ਚ ਨਸਬੰਦੀ ਪੰਦਰਵਾੜਾ 4 ਦਸੰਬਰ ਤੱਕ ਚੱਲੇਗਾ
ਫਰੀਦਕੋਟ ਵਿੱਚ ਨਸਬੰਦੀ ਪੰਦਰਵਾੜਾ 4 ਦਸੰਬਰ 2025 ਤੱਕ ਚੱਲੇਗਾ
Publish Date: Thu, 27 Nov 2025 02:16 PM (IST)
Updated Date: Thu, 27 Nov 2025 02:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ/ਸਾਦਿਕ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ, ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਬਰਾੜ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀ.ਐਚ.ਸੀ. ਜੰਡ ਸਾਹਿਬ ਦੀ ਅਗਵਾਈ ਵਿੱਚ ਸਿਹਤ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਡਾ. ਅਰਸ਼ਦੀਪ ਸਿੰਘ ਬਰਾੜ ਨੇ ਦੱਸਿਆ ਕਿ 21 ਨਵੰਬਰ ਤੋਂ 4 ਦਸੰਬਰ 2025 ਤੱਕ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦਾ ਥੀਮ “ਸਿਹਤਮੰਦ ਤੇ ਖੁਸ਼ਹਾਲ ਪਰਿਵਾਰ, ਮਰਦ ਦੀ ਭਾਗੀਦਾਰੀ ਨਾਲ ਹੀ ਹੋਵੇਗਾ ਇਹ ਸੁਪਨਾ ਸਾਕਾਰ” ਹੈ। ਉਨ੍ਹਾਂ ਕਿਹਾ ਕਿ ਐਨ.ਐਸ.ਵੀ. ਨਸਬੰਦੀ ਇੱਕ ਸੁਰੱਖਿਅਤ, ਆਸਾਨ ਅਤੇ ਪ੍ਰਭਾਵਸ਼ਾਲੀ ਪ੍ਰਕਿਰਿਆ ਹੈ, ਜਿਸ ਬਾਰੇ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ ਹੈ ਅਤੇ ਮਰਦਾਂ ਨੂੰ ਪਰਿਵਾਰ ਦੀ ਭਲਾਈ ਲਈ ਜ਼ਿੰਮੇਵਾਰੀ ਨਾਲ ਅੱਗੇ ਆਉਣਾ ਚਾਹੀਦਾ ਹੈ। ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਫਰੀਦਕੋਟ ਵੱਲੋਂ ਮੁਫ਼ਤ ਅਤੇ ਉੱਚ-ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਨੋਡਲ ਅਫਸਰ ਆਈ.ਈ.ਸੀ. ਗਤੀਵਿਧੀਆਂ ਬੀ.ਈ.ਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪੰਦਰਵਾੜੇ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ—21 ਤੋਂ 27 ਨਵੰਬਰ ਤੱਕ ਜਾਗਰੂਕਤਾ ਪੜਾਅ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਸੇਵਾ ਪ੍ਰਦਾਨਗੀ ਪੜਾਅ—ਜਿਸ ਦੌਰਾਨ ਸਰਕਾਰੀ ਹਸਪਤਾਲ ਫਰੀਦਕੋਟ ਵਿੱਚ ਯੋਗ ਜੋੜਿਆਂ ਨੂੰ ਮਰਦ ਨਸਬੰਦੀ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਐਨ.ਐਸ.ਵੀ. ਬਿਨਾਂ ਚੀਰੇ-ਟਾਂਕੇ ਦੀ ਸੁਰੱਖਿਅਤ ਪ੍ਰਕਿਰਿਆ ਹੈ ਅਤੇ ਮਰੀਜ਼ ਨੂੰ ਕੁਝ ਘੰਟਿਆਂ ਬਾਅਦ ਛੁੱਟੀ ਮਿਲ ਜਾਂਦੀ ਹੈ, ਨਾਲ ਹੀ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੁੰਦਾ। ਨਸਬੰਦੀ ਕਰਵਾਉਣ ਵਾਲਿਆਂ ਨੂੰ ਸਰਕਾਰ ਵੱਲੋਂ ਨਿਰਧਾਰਤ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਸਿਹਤ ਸੁਪਰਵਾਈਜ਼ਰ ਗੁਰਮੀਤ ਸਿੰਘ ਨੇ ਕਿਹਾ ਕਿ ਪਰਿਵਾਰ ਨਿਯੋਜਨ ਸਿਰਫ਼ ਔਰਤਾਂ ਦੀ ਨਹੀਂ, ਸਗੋਂ ਮਰਦਾਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਨਸਬੰਦੀ ਅਪਣਾਉਣਾ ਪਰਿਵਾਰ ਦੇ ਸੰਤੁਲਿਤ ਭਵਿੱਖ ਲਈ ਮਹੱਤਵਪੂਰਨ ਕਦਮ ਹੈ। ਮੀਟਿੰਗ ਵਿੱਚ ਬਲਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਬਰਿੰਦਰ ਪਾਲ ਸਿੰਘ ਸਿਹਤ ਸੁਪਰਵਾਈਜ਼ਰ ਨੇ ਵੀ ਸ਼ਮੂਲੀਅਤ ਕੀਤੀ।