ਪੰਜਾਬ ਐਸ.ਸੀ. ਕਮਿਸ਼ਨ ਨੇ ਰਾਜਾ ਵੜਿੰਗ ਦੇ ਵਾਇਰਲ ਆਡੀਓ ਮਾਮਲੇ ’ਚ ਲਿਆ ਸੂ-ਮੋਟੋ ਨੋਟਿਸ, SSP ਤੋਂ 29 ਮਈ ਤੱਕ ਮੰਗੀ ਰਿਪੋਰਟ
ਇਸ ਸਬੰਧ ਵਿੱਚ, ਕਮਿਸ਼ਨ ਨੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ), ਸ੍ਰੀ ਮੁਕਤਸਰ ਸਾਹਿਬ ਤੋਂ 29 ਮਈ, 2026 ਤੱਕ ਰਿਪੋਰਟ ਮੰਗੀ ਹੈ, ਜੋ ਕਿ ਐਸਪੀ, ਸ੍ਰੀ ਮੁਕਤਸਰ ਸਾਹਿਬ ਰਾਹੀਂ ਜਮ੍ਹਾਂ ਕਰਵਾਈ ਜਾਵੇਗੀ
Publish Date: Tue, 26 May 2026 04:42 PM (IST)
Updated Date: Tue, 26 May 2026 04:48 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ,ਸ੍ਰੀ ਮੁਕਤਸਰ ਸਾਹਿਬ :ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਜੁੜੀ ਇੱਕ ਕਥਿਤ ਆਡੀਓ ਕਲਿੱਪ ਨੂੰ ਲੈ ਕੇ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਵਾਇਰਲ ਆਡੀਓ ’ਚ “ਇੱਕ ਹਜ਼ਾਰ ਵਿੱਚ ਢੇਡ, ਦੋ ਹਜ਼ਾਰ ਵਿੱਚ ਭੇਡ” ਵਰਗੀ ਇਤਰਾਜ਼ਯੋਗ ਟਿੱਪਣੀ ਸੁਣਾਈ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ ਕਮਿਸ਼ਨ ਨੇ ਮੁਕਤਸਰ ਦੇ ਐੱਸਐੱਸਪੀ ਨੂੰ 29 ਮਈ ਸਵੇਰੇ 9 ਵਜੇ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।
ਕਮਿਸ਼ਨ ਦੀ ਇਹ ਕਾਰਵਾਈ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਵੱਲੋਂ ਭੇਜੇ ਗਏ ਸੰਦੇਸ਼ ਦੇ ਆਧਾਰ 'ਤੇ ਹੋਈ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਐਕਟ-2004 ਦੀ ਧਾਰਾ 10 ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਮਿਸ਼ਨ ਨੇ ਪੁਲਿਸ ਨੂੰ ਆਡੀਓ ਸੈਂਪਲ ਦੀ ਫੋਰੈਂਸਿਕ ਜਾਂਚ ਕਰਵਾਉਣ ਅਤੇ ਪੂਰੀ ਤੱਥਾਂ ਅਧਾਰਤ ਰਿਪੋਰਟ ਸੌਂਪਣ ਲਈ ਕਿਹਾ ਹੈ। ਨੋਟਿਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਹੁਕਮ ਨਾ ਮੰਨਣ ਦੀ ਸੂਰਤ ਵਿੱਚ ਕਮਿਸ਼ਨ ਸਿਵਲ ਅਦਾਲਤ ਵਰਗੀਆਂ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ।
ਦੂਜੇ ਪਾਸੇ, ਰਾਜਾ ਵੜਿੰਗ ਨੇ 'ਐਕਸ' (ਟਵਿੱਟਰ) 'ਤੇ ਪੋਸਟ ਪਾ ਕੇ ਇਸ ਆਡੀਓ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਰੀਬ ਸੱਤ ਸਾਲ ਪੁਰਾਣੀ ਫਰਜ਼ੀ ਆਡੀਓ ਹੁਣ ਐੱਸਸੀ ਕਮਿਸ਼ਨ ਰਾਹੀਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਵਰਤੀ ਜਾ ਰਹੀ ਹੈ। ਵੜਿੰਗ ਦਾ ਦਾਅਵਾ ਹੈ ਕਿ ਇੱਕ ਬੱਚਾ ਵੀ ਦੱਸ ਸਕਦਾ ਹੈ ਕਿ ਉਹ ਆਵਾਜ਼ ਉਨ੍ਹਾਂ ਦੀ ਨਹੀਂ ਹੈ। ਉਨ੍ਹਾਂ ਨੇ 'ਆਪ' ਸਰਕਾਰ 'ਤੇ ਸੰਸਥਾਵਾਂ ਦੀ ਦੁਰਵਰਤੋਂ ਅਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਗਾਇਆ। ਨਾਲ ਹੀ ਫਰਜ਼ੀ ਸਮੱਗਰੀ ਫੈਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਇਸ ਕਲਿੱਪ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਫਿਲਹਾਲ ਪੁਲਿਸ ਆਡੀਓ ਦੀ ਸੱਚਾਈ ਅਤੇ ਆਵਾਜ਼ ਦੇ ਮਿਲਾਨ ਦੀ ਜਾਂਚ ਵਿੱਚ ਜੁਟੀ ਹੋਈ ਹੈ। ਕਮਿਸ਼ਨ ਫੋਰੈਂਸਿਕ ਰਿਪੋਰਟ, ਜਾਂਚ ਦੀ ਸਥਿਤੀ ਅਤੇ ਸਾਰੇ ਤੱਥਾਂ ਦੀ ਉਡੀਕ ਕਰ ਰਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 29 ਮਈ ਨੂੰ ਹੋਵੇਗੀ।