ਪਿੰਡਾਂ ਦੀਆਂ ਸੜਕਾਂ ਤੇ ਫਿਰਨੀਆਂ ਦੇ ਵਿਕਾਸ ਲਈ 3.88 ਕਰੋੜ ਰੁਪਏ ਮਨਜ਼ੂਰ : ਗੁਰਮੀਤ ਸਿੰਘ ਖੁੱਡੀਆਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕੇ ਲੰਬੀ ’ਚ ਪਿੰਡਾਂ ਦੀਆਂ ਸੜਕਾਂ ਅਤੇ ਫਿਰਨੀਆਂ ਦੇ ਵਿਕਾਸ ਲਈ ਕੁੱਲ 3.88 ਕਰੋੜ ਰੁਪਏ (388 ਲੱਖ ਰੁਪਏ) ਦੀ ਲਾਗਤ ਨਾਲ ਮਹੱਤਵਪੂਰਨ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਵਿਕਾਸ ਕਾਰਜ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਆਵਾਜਾਈ ਸੁਵਿਧਾਵਾਂ ’ਚ ਸੁਧਾਰ ਲਿਆਉਣ ਅਤੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਅਤੇ ਸੁਚਾਰੂ ਰਸਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਲੰਬੀ ਹਲਕੇ ’ਚ ਮਨਜ਼ੂਰ ਕੀਤੇ ਗਏ ਕੰਮ ਜਿਸ ਵਿੱਚ ਮਲੋਟ–ਡੱਬਵਾਲੀ ਸੜਕ ਤੋਂ ਮਾਨ ਵਾਇਆ ਚੰਨੂੰ ਬੀਦੋਵਾਲੀ ਸੜਕ (ਫਿਰਨੀ ਚੰਨੂੰ) ਦੀ ਸੀਸੀ ਫਲੋਰਿੰਗ ਜਿਸਦੀ ਲੰਬਾਈ 1.80 ਕਿਲੋਮੀਟਰ ਅਤੇ ਲਾਗਤ 110 ਲੱਖ ਰੁਪਏ ਹੈ। ਗਿੱਦੜਬਾਹਾ–ਥਰਾਜਵਾਲਾ ਸੜਕ ਤੋਂ ਗਿੱਦੜਬਾਹਾ–ਲੰਬੀ ਸੜਕ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨਾ ਹੈ, ਜਿਸਦੀ ਲੰਬਾਈ 3.00 ਕਿਲੋਮੀਟਰ ਤੇ ਲਾਗਤ: 165 ਲੱਖ ਰੁਪਏ ਹੈ। ਢਾਣੀ ਜਗਜੀਤ ਸਿੰਘ (ਲੰਬੀ) ਵਿਖੇ ਨਵੀਂ ਸੜਕ ਦੀ ਉਸਾਰੀ ਜਿਸਦੀ ਲੰਬਾਈ 0.50 ਕਿਲੋਮੀਟਰ ਲਾਗਤ 17 ਲੱਖ ਰੁਪਏ ਹੈ। ਪਿੰਡ ਤਰਮਾਲਾ ਦੀ ਫਿਰਨੀ ਦੀ ਸੀਸੀ ਫਲੋਰਿੰਗ, ਜਿਸਦੀ ਲੰਬਾਈ 1.05 ਕਿਲੋਮੀਟਰ ਤੇ ਲਾਗਤ 97 ਲੱਖ ਰੁਪਏ ਹੈ। ਇਸ ਤਰ੍ਹਾਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੀ ਕੁੱਲ ਲੰਬਾਈ 6.35 ਕਿਲੋਮੀਟਰ ਬਣਦੀ ਹੈ ਅਤੇ ਕੁੱਲ ਲਾਗਤ 388 ਲੱਖ ਰੁਪਏ (3.88 ਕਰੋੜ) ਹੈ। ਖੇਤੀਬਾੜੀ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਸਭ ਤੋਂ ਉੱਚੀ ਤਰਜੀਹ ਦੇ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੋਰ ਪ੍ਰੋਜੈਕਟ ਮਨਜ਼ੂਰ ਕੀਤੇ ਜਾਣਗੇ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਵਿਕਾਸ ਕਾਰਜ ਨਿਰਧਾਰਿਤ ਸਮੇਂ ਅੰਦਰ ਅਤੇ ਮਿਆਰੀ ਗੁਣਵੱਤਾ ਅਨੁਸਾਰ ਮੁਕੰਮਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਤੁਰੰਤ ਲਾਭ ਮਿਲ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਦੀ ਖੱਜਲ-ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਦਾ ਪਹਿਲ ਦੇ ਆਧਾਰ ’ਤੇ ਕੰਮ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਗੁਰਸੇਵਕ ਸਿੰਘ ਲੰਬੀ, ਟੋਜੀ ਲੰਬੀ, ਗੁਰਬਾਜ਼ ਸਿੰਘ ਬਣਵਾਲਾ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਗੁਰਦਾਸ ਸਿੰਘ ਸਾਬਕਾ ਸਰਪੰਚ, ਰਣਜੋਧ ਜੋਧਾ, ਜੱਸਾ ਚੰਨੂੰ, ਰਾਜਾ ਸਰਪੰਚ, ਪੋਪੀ ਥਰਾਜਵਾਲਾ, ਜਗਦੇਵ ਸਿੰਘ ਸਰਪੰਚ, ਗੁਰਦਾਸ ਸੰਧੂ, ਰਮਨਦੀਪ ਕੌਰ ਸਰਪੰਚ, ਬਲਵਿੰਦਰ ਸਿੰਘ ਕਾਕੂ, ਗੁਰਜੀਤ ਥਰਾਜਵਾਲਾ, ਅਮਨਦੀਪ ਚੰਨੂ, ਮੈਂਬਰ ਬਲਾਕ ਸੰਮਤੀ ਪਰਮਿੰਦਰ ਸਿੰਘ ਕੁਲਾਰ, ਸਤਪਾਲ ਲੰਬੀ, ਭੋਲਾ ਲੰਬੀ, ਬੌਬੀ ਲੰਬੀ, ਜਗਜੀਤ ਸਿੰਘ ਜੀਤ, ਡਾ. ਬਲਜਿੰਦਰ ਸਿੰਘ, ਡਾ. ਰਾਜਾ ਚੰਨੂੰ ਹਾਜਰ ਰਹੇ।