ਸੇਵਾ ਮੁਕਤ ਹੋਏ ਪੁਲਿਸ ਅਧਿਕਾਰੀ ਨੂੰ ਦਿੱਤੀ ਵਿਦਾਇਗੀ ਪਾਰਟੀ
ਸੇਵਾ ਮੁਕਤ ਹੋਏ ਪੁਲਿਸ ਅਧਿਕਾਰੀ ਨੂੰ ਵਿਦਾਇਗੀ ਪਾਰਟੀ ਦਿੱਤੀ ਤੇ ਸਨਮਾਨ ਕੀਤਾ
Publish Date: Wed, 31 Dec 2025 05:09 PM (IST)
Updated Date: Wed, 31 Dec 2025 05:11 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿਭਾਗ ਵੱਲੋਂ ਅੱਜ ਸੇਵਾ ਮੁਕਤ ਹੋ ਰਹੇ ਪੁਲਿਸ ਅਧਿਕਾਰੀ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਆਈਪੀਐਸ ਨੇ ਸੇਵਾ ਮੁਕਤ ਹੋ ਰਹੇ ਅਧਿਕਾਰੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਲਈ ਸ਼ੁਭਕਾਮਨਾਵਾਂ ਪ੍ਰਗਟਾਈਆਂ ਅਤੇ ਉਨ੍ਹਾਂ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕਰਵਾਇਆ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਅੱਜ ਇੰਸਪੈਕਟਰ ਗੁਰਮੀਤ ਸਿੰਘ, ਸਹਾਇਕ ਥਾਣੇਦਾਰ ਦੀਦਾਰ ਸਿੰਘ, ਸਹਾਇਕ ਥਾਣੇਦਾਰ ਸਵਰਨ ਸਿੰਘ, ਸ:ਬ. ਅਸ਼ਵਨੀ ਕੁਮਾਰ, ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਸਰਵਿਸ ਨੂੰ ਪੂਰਾ ਕਰਕੇ ਸੇਵਾ ਮੁਕਤ ਹੋਏ ਹਨ। ਵਿਦਾਇਗੀ ਸਮਾਰੋਹ ਕਾਨਫਰੰਸ ਹਾਲ ਐਸਐਸਪੀ ਦਫਤਰ ’ਚ ਆਯੋਜਿਤ ਕੀਤਾ ਗਿਆ, ਜਿੱਥੇ ਹਰਕਮਲ ਕੌਰ ਐਸਪੀ (ਹੈਡਕੁਆਟਰ) ਅਤੇ ਦਫਤਰੀ ਸਟਾਫ ਵੀ ਮੌਜੂਦ ਸਨ। ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਇਹ ਸਮਾਂ ਸਾਡੇ ਪੁਲਿਸ ਪਰਿਵਾਰ ਲਈ ਬਹੁਤ ਹੀ ਖਾਸ ਅਤੇ ਗੌਰਵਪੂਰਨ ਹੈ, ਜਦੋਂ ਅਸੀਂ ਆਪਣੇ ਉਨ੍ਹਾਂ ਅਧਿਕਾਰੀਆਂ ਨੂੰ ਸਨਮਾਨਿਤ ਕਰ ਰਹੇ ਹਾਂ ਜਿਨ੍ਹਾਂ ਨੇ ਤਨਦੇਹੀ ਨਾਲ ਡਿਊਟੀ ਕੀਤੀ ਹੈ। ਸੇਵਾ ਮੁਕਤੀ ਦਾ ਮਤਲਬ ਸਿਰਫ਼ ਕੰਮ ਤੋਂ ਅਲੱਗ ਹੋਣਾ ਨਹੀਂ, ਸਗੋਂ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹਰ ਅਧਿਕਾਰੀ ਦਾ ਆਪਣਾ ਯੋਗਦਾਨ ਹੁੰਦਾ ਹੈ ਜੋ ਵਿਭਾਗ ਨੂੰ ਇੱਕ ਮਜ਼ਬੂਤ ਰੂਪ ਦਿੰਦਾ ਹੈ। ਅਸੀਂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਾਂ ਕਿ ਜਦੋਂ ਵੀ ਤੁਹਾਨੂੰ ਸਾਡੀ ਜਰੂਰਤ ਹੋਵੇਗੀ, ਅਸੀਂ ਤੁਹਾਡੇ ਨਾਲ ਖੜੇ ਰਹਾਂਗੇ। ਉਨ੍ਹਾਂ ਕਿਹਾ ਕਿ ਪੁਲਿਸ ਕਮਿਊਨਿਟੀ ’ਚ ਤੁਹਾਡਾ ਯੋਗਦਾਨ ਸਦਾ ਯਾਦਗਾਰ ਰਹੇਗਾ। ਅਸੀਂ ਤੁਹਾਡੀ ਸੇਵਾ ਅਤੇ ਸਮਰਪਣ ਲਈ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਤੁਹਾਡੇ ਲਈ ਖੁਸ਼ਹਾਲ ਅਤੇ ਸਫਲ ਜੀਵਨ ਦੀ ਕਾਮਨਾ ਕਰਦੇ ਹਾਂ। ਇਸ ਮੌਕੇ ਉਨ੍ਹਾਂ ਨੇ ਸੇਵਾ ਮੁਕਤ ਹੋ ਰਹੇ ਕਰਮਚਾਰੀ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ, ਉਨ੍ਹਾਂ ਦਾ ਮਹਿਕਮਾ ’ਚ ਸੇਵਾ ਲਈ ਧੰਨਵਾਦ ਕੀਤਾ। ਵਿਦਾਇਗੀ ਸਮਾਰੋਹ ’ਚ ਵੱਡੀ ਗਿਣਤੀ ’ਚ ਪੁਲਿਸ ਕਰਮਚਾਰੀਆਂ ਦਫਤਰੀ ਸਟਾਫ ਤੋਂ ਇਲਾਵਾ ਰਿਟਾਇਰਡ ਪੁਲਿਸ ਅਧਿਕਾਰੀ ਦੇ ਪਰਿਵਾਰਿਕ ਮੈਂਬਰਾ ਨੇ ਸ਼ਿਰਕਤ ਕੀਤੀ ਅਤੇ ਰਿਟਾਇਰ ਹੋ ਰਹੇ ਆਪਣੇ ਸਾਥੀ ਨੂੰ ਸ਼ੁਭ ਕਾਮਨਾਵਾਂ ਦਿਤੀਆ। ਇਸ ਮੌਕੇ ਸਟੇਜ ਸੈਕਟਰੀ ਵਜੋਂ ਏਐਸਆਈ ਗੁਰਦੇਵ ਸਿੰਘ ਨੇ ਆਪਣੀ ਡਿਊਟੀ ਨਿਭਾਈ। ਇਸ ਮੌਕੇ ਏਐਸਆਈ ਸੰਜੀਵ ਕੁਮਾਰ ਹੈਡ ਕਲਰਕ, ਏਐਸਆਈ ਗੁਰਦਿੱਤ ਸਿੰਘ ਸੀਆਰਸੀ, ਓਐੱਸਆਈ ਲਵਪ੍ਰੀਤ ਸਿੰਘ ਅਤੇ ਦਫ਼ਤਰੀ ਸਟਾਫ ਹਾਜ਼ਰ ਸਨ।