Sad News : ਤਰਕਸ਼ੀਲ ਆਗੂ ਅਵਤਾਰ ਸਿੰਘ ਗਿੱਲ ਨਹੀਂ ਰਹੇ, ਮੈਡੀਕਲ ਖੋਜਾਂ ਲਈ ਕੀਤਾ ਸਰੀਰ ਦਾਨ
ਕੈਨੇਡੀਅਨ ਬਲਵਿੰਦਰ ਸਿੰਘ ਬਿਲਾਸਪੁਰ ਨੇ ਕਿਹਾ ਕਿ ਗਿੱਲ ਸਾਹਿਬ ਵੱਲੋਂ ਪਾਈ ਬਾਤ ਦਾ ਅਸੀਂ ਹੁੰਗਾਰਾ ਭਰਾਂਗੇ ਅਤੇ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਪੂਰਾ ਤਾਣ ਲਾ ਦਿਆਂਗੇ।
Publish Date: Wed, 18 Mar 2026 12:24 PM (IST)
Updated Date: Wed, 18 Mar 2026 12:26 PM (IST)
ਮਨਪ੍ਰੀਤ ਸਿੰਘ ਮਲੇਆਣਾ, ਮੋਗਾ : ਵਿਗਿਆਨਕ ਸੋਚ ਦੇ ਧਾਰਨੀ ਬਾਈ ਅਵਤਾਰ ਸਿੰਘ ਗਿੱਲ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਸਾਂਝੀ ਜਥੇਬੰਦੀ ਦੇ ਰਹਿ ਚੁੱਕੇ ਪ੍ਰਧਾਨ ਦੇ ਅਚਾਨਕ ਵਿਛੋੜੇ ਨਾਲ ਸਮਾਜ ਦੇ ਚਿੰਤਨਸ਼ੀਲ ਵਰਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਨਾਮੀ ਸਮਾਜ ਸੇਵਕ ਬਲਵਿੰਦਰ ਸਿੰਘ ਧਾਲੀਵਾਲ ਕੈਨੇਡੀਅਨ ਨੇ ਭਰੇ ਮਨ ਨਾਲ ਦੱਸਿਆ ਕਿ ਐਬਟਸਫੋਰਡ (ਕੈਨੇਡਾ) ਸਥਿਤ ਮੇਰੇ ਗ੍ਰਹਿ ਵਿਖੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਜਦੋਂ ਚੋਣ ਕੀਤੀ ਗਈ ਸੀ ਤਾਂ ਅਸੀਂ ਸਾਰਿਆਂ ਨੇ ਬਾਈ ਅਵਤਾਰ ਸਿੰਘ ਗਿੱਲ ਚੂਹੜਚੱਕ ਦੀ ਮਹਾਨ ਘਾਲਣਾ ਦਾ ਸਤਿਕਾਰ ਕਰਦਿਆਂ ਸਰਵਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨਗੀ ਦੀ ਜ਼ੁੰਮੇਵਾਰੀ ਸੌਂਪੀ ਸੀ ਜਿਸ ਨੂੰ ਉਹ ਪੂਰੀ ਲਗਨ ਤੇ ਸੁਹਿਰਦਤਾ ਨਾਲ ਨਿਭਾਉਂਦੇ ਰਹੇ।
ਉਨ੍ਹਾਂ ਦੱਸਿਆ ਕਿ ਸਰੀਰਕ ਸਮੱਸਿਆਵਾਂ ਨਾਲ ਜੂਝਦਿਆਂ ਹੋਇਆਂ ਵੀ ਗਿੱਲ ਸਾਹਿਬ ਨੇ ਦੇਸ਼ ਵਿਦੇਸ਼ ਵਿਚ ਵਿਗਿਆਨਕ ਸੋਚ ਦਾ ਛੱਟਾ ਦਿੰਦਿਆਂ ਸਮਾਜ ਨੂੰ ਵਹਿਮਾਂ ਭਰਮਾਂ ਦੀ ਦਲਦਲ ਵਿਚੋਂ ਬਾਹਰ ਕੱਢਣ ਦਾ ਸਫਲ ਯਤਨ ਕੀਤਾ। ਕੈਨੇਡੀਅਨ ਬਲਵਿੰਦਰ ਸਿੰਘ ਬਿਲਾਸਪੁਰ ਨੇ ਕਿਹਾ ਕਿ ਗਿੱਲ ਸਾਹਿਬ ਵੱਲੋਂ ਪਾਈ ਬਾਤ ਦਾ ਅਸੀਂ ਹੁੰਗਾਰਾ ਭਰਾਂਗੇ ਅਤੇ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਪੂਰਾ ਤਾਣ ਲਾ ਦਿਆਂਗੇ। ਉਹ ਸਾਡੇ ਲਈ ਰੋਲ ਮਾਡਲ ਹਨ ਜਿਨ੍ਹਾਂ ਨੇ ਆਪਣੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਲੁਧਿਆਣੇ ਦੇ ਇੱਕ ਮੈਡੀਕਲ ਕਾਲਜ ਨੂੰ ਦਾਨ ਕਰਕੇ ਸਰੀਰ ਦਾਨੀ ਹੋਣ ਦਾ ਮਰਤਬਾ ਹਾਸਲ ਕੀਤਾ ਹੈ।