ਜੱਜ ਬਣਨਾ ਚਾਹੁੰਦੀ ਹੈ ਪੰਜਾਬ ਬੋਰਡ ਦੀ 10ਵੀਂ ਦੀ ਟਾਪਰ ਹਰਲੀਨ ਸ਼ਰਮਾ, 650 'ਚੋਂ ਹਾਸਲ ਕੀਤੇ 646 ਅੰਕ
ਸਕੂਲ ਦੀ ਪ੍ਰਿੰਸੀਪਲ ਕੁਸੁਮ ਕਾਲੜਾ ਅਤੇ ਇੰਚਾਰਜ ਚਾਰੂ ਗੋਇਲ ਨੇ ਕਿਹਾ ਕਿ ਹਰਲੀਨ ਦੀ ਇਸ ਪ੍ਰਾਪਤੀ ਨੇ ਸਕੂਲ ਅਤੇ ਜੈਤੋ ਸ਼ਹਿਰ ਦਾ ਨਾਮ ਪੂਰੇ ਪੰਜਾਬ ਵਿੱਚ ਚਮਕਾਇਆ ਹੈ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।
Publish Date: Mon, 11 May 2026 03:15 PM (IST)
Updated Date: Mon, 11 May 2026 03:16 PM (IST)
ਨਰੇਸ਼ ਸੇਠੀ, ਜੈਤੋ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਜੈਤੋ ਦੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਲੀਨ ਸ਼ਰਮਾ ਪੁੱਤਰੀ ਜਸਵਿੰਦਰ ਕੁਮਾਰ ਨੇ 650 ਵਿੱਚੋਂ 646 ਅੰਕ (99.38 ਪ੍ਰਤੀਸ਼ਤ) ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਨਤੀਜਾ ਐਲਾਨੇ ਜਾਣ ਤੋਂ ਤੁਰੰਤ ਬਾਅਦ ਸਕੂਲ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਹਰਲੀਨ ਅਤੇ ਉਸ ਦੇ ਪਰਿਵਾਰ ਨੂੰ ਸਕੂਲ ਬੁਲਾ ਕੇ ਸਨਮਾਨਿਤ ਕੀਤਾ ਗਿਆ ਅਤੇ ਢੋਲ ਦੀ ਥਾਪ 'ਤੇ ਭੰਗੜੇ ਪਾ ਕੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਮਾਪਿਆਂ ਦਾ ਸੁਪਨਾ: ਬੇਟੀ ਬਣੇ ਜੱਜ
ਇਸ ਮੌਕੇ ਹਰਲੀਨ ਨੇ ਦੱਸਿਆ ਕਿ ਉਸ ਦੇ ਮਾਪਿਆਂ ਦਾ ਸੁਪਨਾ ਹੈ ਕਿ ਉਹ ਵੱਡੀ ਹੋ ਕੇ ਜੱਜ ਬਣੇ, ਜਿਸ ਲਈ ਉਹ ਪੂਰੀ ਮਿਹਨਤ ਕਰ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੀ ਇਸ ਸਫ਼ਲਤਾ ਵਿੱਚ ਮਾਪਿਆਂ ਦਾ ਵੱਡਾ ਯੋਗਦਾਨ ਹੈ। ਉਹ ਉਸ ਨੂੰ ਰੋਜ਼ਾਨਾ ਸਵੇਰੇ 4 ਵਜੇ ਪੜ੍ਹਨ ਲਈ ਜਗਾ ਦਿੰਦੇ ਸਨ। ਹਰਲੀਨ ਸਵੇਰੇ ਪੜ੍ਹਾਈ ਕਰਨ ਤੋਂ ਬਾਅਦ ਸਕੂਲ ਜਾਂਦੀ ਸੀ ਅਤੇ ਸ਼ਾਮ ਨੂੰ ਟਿਊਸ਼ਨ ਪੜ੍ਹਦੀ ਸੀ। ਪ੍ਰੀਖਿਆਵਾਂ ਦੇ ਦਿਨਾਂ ਵਿੱਚ ਉਹ ਰਾਤ 11 ਵਜੇ ਤੱਕ ਪੜ੍ਹਾਈ ਕਰਦੀ ਸੀ। ਆਪਣੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਤੇ ਮਾਪਿਆਂ ਦੇ ਸਹਿਯੋਗ ਸਦਕਾ ਹੀ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ।
ਖੇਤੀਬਾੜੀ ਕਰਦੇ ਹਨ ਪਿਤਾ
ਜ਼ਿਕਰਯੋਗ ਹੈ ਕਿ ਹਰਲੀਨ ਦੇ ਪਿਤਾ ਜਸਵਿੰਦਰ ਕੁਮਾਰ ਖੇਤੀਬਾੜੀ ਕਰਦੇ ਹਨ ਅਤੇ ਮਾਤਾ ਰੇਨੂ ਬਾਲਾ ਘਰੇਲੂ ਔਰਤ ਹਨ। ਮਾਪਿਆਂ ਨੇ ਦੱਸਿਆ ਕਿ ਹਰਲੀਨ ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਹੈ ਅਤੇ ਹਰ ਜਮਾਤ ਵਿੱਚ ਮੋਹਰੀ ਸਥਾਨ ਹਾਸਲ ਕਰਦੀ ਰਹੀ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਹਰਲੀਨ ਜੱਜ ਬਣ ਕੇ ਉਨ੍ਹਾਂ ਦਾ ਅਤੇ ਜ਼ਿਲ੍ਹੇ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕਰੇਗੀ।
ਸਕੂਲ ਦੀ ਪ੍ਰਿੰਸੀਪਲ ਕੁਸੁਮ ਕਾਲੜਾ ਅਤੇ ਇੰਚਾਰਜ ਚਾਰੂ ਗੋਇਲ ਨੇ ਕਿਹਾ ਕਿ ਹਰਲੀਨ ਦੀ ਇਸ ਪ੍ਰਾਪਤੀ ਨੇ ਸਕੂਲ ਅਤੇ ਜੈਤੋ ਸ਼ਹਿਰ ਦਾ ਨਾਮ ਪੂਰੇ ਪੰਜਾਬ ਵਿੱਚ ਚਮਕਾਇਆ ਹੈ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।