ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਦੇ ਖਿਲਾਫ 8 ਦਸੰਬਰ ਨੂੰ ਕੀਤੇ ਜਾਣਗੇ ਵਿਰੋਧ ਪ੍ਰਦਰਸ਼ਨ ਕੀਤੀ ਵਿਚਾਰ ਚਰਚਾ

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਂਲ) ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਝਬੇਲਵਾਲੀ, ਜੋਆਇੰਟ ਫੋਰਮ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਅਤੇ ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਰਕਲ ਦੇ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਬਿਜਲੀ ਬੋਰਡ ਦੇ ਸਾਂਝੇ ਪ੍ਰਧਾਨਗੀ ਮੰਡਲ ਹੇਠ ਸ਼ਹੀਦ ਭਾਈ ਮਹਾਂ ਸਿੰਘ ਦੀਵਾਨ ਹਾਲ ’ਚ ਹੋਈ। ਉਨ੍ਹਾਂ ਕਿਹਾ ਕਿ 28 ਦਸੰਬਰ ਨੂੰ ਲੁਧਿਆਣਾ ਵਿਖੇ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਸਟੇਟ ਪੱਧਰੀ ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ 8 ਦਸੰਬਰ ਨੂੰ ਬਿਜਲੀ ਬਿੱਲ 2025 ਅਤੇ ਸੀਡ ਬਿੱਲ 2025 ਦੇ ਖ਼ਿਲਾਫ਼ ਪੂਰੇ ਪੰਜਾਬ ’ਚ ਪਾਵਰਕਾਮ ਦੀਆਂ ਸਾਰੀਆਂ ਡਿਵੀਜ਼ਨਾਂ ’ਤੇ ਬਿਜਲੀ ਮੁਲਾਜ਼ਮਾਂ, ਮਜ਼ਦੂਰਾਂ ਕਿਸਾਨਾਂ ਦੇ ਇਕੱਠ ਕਰਕੇ ਇਨ੍ਹਾਂ ਦੋਵੇਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।
ਇਸ ਮੌਕੇ ਕੌਮੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਡੋਹਕ, ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਮੁਕਤਸਰ ਡਿਵੀਜ਼ਨ ਦੇ ਸੀਨੀਅਰ ਆਗੂ ਗੁਰਾਂਦਿੱਤਾ ਸਿੰਘ ਝਬੇਲਵਾਲੀ, ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸਕੱਤਰ ਜਥੇਦਾਰ ਹਰਪ੍ਰੀਤ ਸਿੰਘ ਝਬੇਲਵਾਲੀ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੋਬਿੰਦ ਸਿੰਘ ਕੋਟਲੀ ਦਿਉਣ, ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ ਸਬ ਅਰਬਨ ਡਿਵੀਜ਼ਨ ਦੇ ਸਕੱਤਰ ਮਨਦੀਪ ਸਿੰਘ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਸਕੱਤਰ ਜਥੇਦਾਰ ਗੁਰਮੀਤ ਸਿੰਘ ਲੰਬੀ ਢਾਬ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਜਿਲਾ ਪ੍ਰਧਾਨ ਪੂਰਨ ਸਿੰਘ ਵੱਟੂ, ਟੈਕਨੀਕਲ ਸਰਵਿਸ ਯੂਨੀਅਨ ਸਬ ਡਿਵੀਜ਼ਨ ਰੁਪਾਣਾ ਦੇ ਸਕੱਤਰ ਕਰਮਜੀਤ ਸਿੰਘ , ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੀਨੀਅਰ ਆਗੂ ਗੁਰਦੀਪ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਬੁਲਾਰੇ ਜਰਨੈਲ ਸਿੰਘ ਰੋੜਾਂਵਾਲਾ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ ) ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਕੱਟਿਆਂ ਵਾਲੀ ਨੇ ਬੋਲਦਿਆ ਕਿਹਾ ਕਿ ਬਿਜਲੀ ਬਿਲ 2020 ਜਿਸ ਨੂੰ ਕਿ ਦਿੱਲੀ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਤੋਂ ਰੱਦ ਕਰਵਾਇਆ ਗਿਆ ਸੀ।
ਇਸ ਨੂੰ ਹੁਣ ਕੇਂਦਰ ਸਰਕਾਰ ਬਿਜਲੀ ਬਿਲ 2025 ਦੇ ਨਾਂ ਹੇਠ ਦੁਬਾਰਾ ਲਾਗੂ ਕਰਕੇ ਦੇਸ਼ ਦੇ ਬਿਜਲੀ ਪ੍ਰਬੰਧਾਂ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਦੇ ਕੇ ਬਿਜਲੀ ਸਿਸਟਮ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਹੈ। ਜੋ ਕਿ ਪੂਰੇ ਦੇਸ਼ ਵਾਸੀਆਂ ਲਈ ਬਹੁਤ ਹੀ ਘਾਤਕ ਹੋਵੇਗਾ ਤੇ ਦੇਸ਼ ਦੇ ਲੋਕਾਂ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਜਿਵੇਂ ਕਿ ਬਿਜਲੀ ਬਿੱਲ 2025 ਦਾ ਕਾਨੂੰਨ ਬਣਨ ਨਾਲ ਦੇਸ਼ ਅੰਦਰ ਵੱਖ-ਵੱਖ ਵਰਗਾਂ ਨੂੰ ਬਿਜਲੀ ਦੀ ਖਪਤ ਉੱਪਰ ਮਿਲਣ ਵਾਲੀਆਂ ਸਾਰੀਆਂ ਸਬਸਿਡੀਆਂ ਖਤਮ ਹੋ ਜਾਣਗੀਆਂ ਅਤੇ ਖੇਤਾਂ ਵਿਚ ਲੱਗੀਆਂ ਮੋਟਰਾਂ ਦੇ ਬਿੱਲ ਵੀ ਲਾਗੂ ਕਰ ਦਿੱਤੇ ਜਾਣਗੇ, ਹਰ ਘਰ ਅੰਦਰ ਚਿੱਪ ਵਾਲੇ ਮੀਟਰ ਲਗਾਏ ਜਾਣਗੇ, ਬਿਜਲੀ ਦੀ ਖਪਤ ਲਈ ਹਰੇਕ ਖਪਤਕਾਰ ਨੂੰ ਮੋਬਾਈਲ ਦੀ ਤਰ੍ਹਾਂ ਪਹਿਲਾਂ ਪੈਸੇ ਭਰਨੇ ਪੈਣਗੇ ਤੇ ਪੈਸੇ ਖਤਮ ਹੋਣ ਦੀ ਸੂਰਤ ਵਿੱਚ ਖਪਤਕਾਰ ਦੀ ਬਿਜਲੀ ਸਪਲਾਈ ਕੱਟ ਦਿੱਤੀ ਜਾਇਆ ਕਰੇਗੀ ਅਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਉੱਤੇ ਵੱਡੀ ਪੱਧਰ ਤੇ ਛਾਂਟੀ ਦਾ ਕੁਹਾੜਾ ਚਲਾਇਆ ਜਾਵੇਗਾ।
ਕਿਸਾਨ ਆਗੂਆਂ ਤੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਇਸ ਦਾ ਸਾਂਝੇ ਰੂਪ ਦੇ ’ਚ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਕਿਸੇ ਵੀ ਕੀਮਤ ਤੇ ਬਿਜਲੀ ਬਿੱਲ 2025 ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸਦੇ ਨਾਲ ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਡਿਵੀਜ਼ਨ (ਐਸੀ ਦਫਤਰ ਮੁਕਤਸਰ), ਮਲੋਟ ਡਿਵੀਜ਼ਨ , ਗਿੱਦੜਬਾਹਾ ਡਿਵੀਜ਼ਨ, ਲੰਬੀ ਸਬ ਡਵੀਜ਼ਨ ਦੇ ਉੱਤੇ 8 ਦਸੰਬਰ ਨੂੰ ਵੱਡੇ ਇਕੱਠ ਕੀਤੇ ਜਾਣਗੇ। 12 ਵਜੇ ਤੋਂ ਲੈ ਕੇ 3 ਵਜੇ ਤੱਕ ਪ੍ਰੋਟੈਸਟ ਕਰਕੇ ਇਨ੍ਹਾਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਪੱਤਰਕਾਰ ਰਣਜੀਤ ਸਿੰਘ ’ਤੇ ਹੋਏ ਹਮਲੇ ਦਾ ਵਿਰੋਧ ਕਰਦਿਆਂ 8 ਦਸੰਬਰ ਨੂੰ ਪੱਤਰਕਾਰਾਂ ਵੱਲੋਂ ਐਸਐਸਪੀ ਦਫਤਰ ਦੇ ਕੀਤੇ ਜਾਣ ਵਾਲੇ ਘਿਰਾਓ ’ਚ ਮੋਰਚੇ ਵੱਲੋਂ ਵੱਡੀ ਪੱਧਰ ’ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਅਮਨਦੀਪ ਸਿੰਘ ਹਰੀਕੇ ਕਲਾਂ,ਬਲਦੇਵ ਸਿੰਘ ਹਰੀਕੇ ਕਲਾਂ, ਗੁਰਧੀਰ ਸਿੰਘ ਸਭ ਡਿਵੀਜ਼ਨ ਰੁਪਾਣਾ ਪ੍ਰਧਾਨ ਟੀਐਸਯੂ, ਮਨਪ੍ਰੀਤ ਸਿੰਘ ਪੀਐਸਈਬੀ ਇੰਪਲਾਈਜ ਫੈਡਰੇਸ਼ਨ, ਨਰਿੰਦਰ ਸਿੰਘ ਐਮਐਸਯੂ ਮੇਹਰ ਚੰਦ, ਪਰਦੀਪ ਸਿੰਘ ਐਮਐਸਯੂ ਅਤੇ ਹੋਰ ਕਿਸਾਨ ਮੁਲਾਜ਼ਮ ਆਗੂ ਹਾਜ਼ਰ ਸਨ।