ਮੁਕਤਸਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੂਹਰੇ ਧਰਨਾ 18ਵੇਂ ਦਿਨ ’ਚ

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਛੇ ਜ਼ਿਲ੍ਹਿਆਂ ਦੇ ਸੈਂਕੜੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਡੀਸੀ ਦਫਤਰ ਦੇ ਅੰਦਰ ਦਾਖਲ ਹੋ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੀਤੇ ਲੰਬੇ ਘਿਰਾਓ ਮਗਰੋਂ ਪ੍ਰਸ਼ਾਸਨ ਨੇ ਆਪਣੀ ਰਾਖੀ ਲਈ ਤਾਂ ਪੁਲਿਸ ਫੋਰਸ ਵਧਾ ਦਿੱਤੀ ਹੈ। ਪਰ ਮੁਆਵਜ਼ੇ ਦੀਆਂ ਮੰਗਾਂ ਲਈ 17 ਦਿਨਾਂ ਤੋਂ ਅਣਮਿਥੇ ਸਮੇਂ ਦੇ ਦਿਨ ਰਾਤ ਦੇ ਧਰਨੇ ’ਤੇ ਬੈਠੇ ਕਿਸਾਨਾਂ ਦੀ ਸਾਰ ਨਹੀਂ ਲਈ। ਸਾਰਾ ਦਿਨ ਪੁਲਿਸ ਦੀਆਂ ਗੱਡੀਆਂ ਡੀਸੀ ਦਫਤਰ ਦੇ ਆਸ ਪਾਸ ਘੁੰਮਦੀਆਂ ਹਨ।ਆਪਣੇ ਸੁਰੱਖਿਆ ਕਵਚ ਲਈ ਫਿਰਦੇ ਪੁਲਿਸ ਮੁਲਾਜ਼ਮ ਦਿਨ ਭਰ ਡਿਊਟੀ ’ਤੇ ਤਾਇਨਾਤ ਨਜ਼ਰ ਆਉਂਦੇ ਹਨ। ਦਫਤਰ ਮੂਹਰੇ ਸਖ਼ਤ ਬੈਰੀਕੇਡਿੰਗ ਕਰਕੇ ਆਪਣੇ ਕੰਮ ਧੰਦੇ ਸੇਵਾ ਕੇਂਦਰ ਆਉਂਦੇ ਜਾਂਦੇ ਲੋਕਾਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਉਗਰਾਹਾਂ ਜਥੇਬੰਦੀ ਦੇ ਜ਼ਾਬਤਾ ਬੱਧ ਕਿਸਾਨ ਸ਼ਾਂਤਮਈ ਧਰਨੇ ਨਾਲ ਸਰਕਾਰ ਦਾ ਪੋਲ ਖੋਲ੍ਹ ਰਹੇ ਹਨ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਤੇ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਦਾ ਸਾਫ ਸਪੱਸ਼ਟ ਆਖਣਾ ਹੈ ਕਿ ਸਰਕਾਰ ਦਾ ਖਜ਼ਾਨਾ ਲੋਕਾਂ ਵੱਲੋਂ ਦਿੱਤੇ ਟੈਕਸਾਂ ਨਾਲ ਭਰਦਾ ਹੈ। ਸਰਕਾਰ ਦੇ ਵਿਧਾਇਕਾਂ ਮੰਤਰੀਆਂ ਤੇ ਅਧਿਕਾਰੀਆਂ ਦੀਆਂ ਘੁੰਮਦੀਆਂ ਗੱਡੀਆਂ, ਮੈਡੀਕਲ ਬਿੱਲਾਂ ਤੇ ਐਸ਼ੋ ਆਰਾਮ ਦੇ ਖਰਚਿਆਂ ਵਿੱਚ ਟੈਕਸ ਦੇ ਲੱਖਾਂ ਕਰੋੜਾਂ ਰੁਪਏ ਉਡਾਏ ਜਾਂਦੇ ਹਨ। ਹੜ੍ਹ ਪੀੜਿਤ ਲੋਕਾਂ ਨੂੰ ਕਣਕ ਦਾ ਬੀਜ ਵੰਡ ਕੇ ਮੁੜਦੇ ਸੜਕ ਹਾਦਸੇ ’ਚ ਜਾਨ ਲਗਾ ਗਏ ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ ਤੇ ਗੰਭੀਰ ਜ਼ਖਮੀ ਬਲਵੰਤ ਸਿੰਘ ਨੰਗਲ ਦਾ ਇਲਾਜ ਸਾਰਾ ਖਰਚਾ ਅਦਾ ਕਰਨ ਵਾਸਤੇ ਸਰਕਾਰੀ ਖ਼ਜ਼ਾਨਾ ਦਾ ਮੂੰਹ ਕਿਉਂ ਬੰਦ ਕਰ ਦਿੱਤਾ ਗਿਆ ਹੈ ? ਲੋਕਾਂ ਦੇ ਟੈਕਸਾਂ ਨਾਲ ਭਰੇ ਖਜ਼ਾਨੇ ਵਿੱਚੋਂ ਕਿਸਾਨ, ਮਜ਼ਦੂਰਾਂ, ਮੁਲਾਜ਼ਮਾਂ ਨੂੰ ਰਾਹਤ ਦੇਣ ਤੋਂ ਪੰਜਾਬ ਸਰਕਾਰ ਦੀ ਆਨਾਕਾਨੀ ਉਸਦੇ ਕਾਰਪੋਰੇਟ ਪੱਖੀ ਇਰਾਦਿਆਂ ਤੇ ਲੋਕ ਵਿਰੋਧੀ ਨੀਤੀ ਨੂੰ ਦਰਸਾਉਂਦੀ ਹੈ। ਲੰਬੀ ਹਲਕੇ ਦੇ ਕਿਸਾਨ ਆਗੂ ਗੁਰਪਾਸ਼ ਸਿੰਘ ਸਿੰਘੇ ਵਾਲਾ ਆਖ਼ਦੇ ਹਨ ਕਿ ਸਰਕਾਰ ਦੀਆਂ ਅੱਖਾਂ ’ਚ ਉਤਰਿਆ ਸੱਤਾ ਦੇ ਨਸ਼ੇ ਦਾ ਮੋਤੀਆ ਉਸ ਨੂੰ ਕੰਧ ਤੇ ਲਿਖੀ ਇਹ ਇਬਾਰਤ ਪੜ੍ਹਨ ਨਹੀਂ ਦੇ ਰਿਹਾ, ਕਿ ਹੱਕਾਂ ਲਈ ਲੜ੍ਹਦੇ ਕਿਸਾਨਾਂ ਮਜ਼ਦੂਰਾਂ ਨੂੰ ਡੰਡੇ ਦੇ ਜ਼ੋਰ ਹਰਗਿਜ਼ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅੰਨ ਦਾਤਿਆਂ ਨਾਲ ਕੀਤੇ ਜਾ ਰਹੇ ਪਰ ਇਸ ਅਨਿਆਂ ਮੁੱਲ ਸਰਕਾਰ ਨੂੰ ਅਵੱਸ਼ ਤਾਰਨਾ ਪਵੇਗਾ। ਬੁਲੰਦ ਇਰਾਦਿਆਂ ਨਾਲ ਧਰਨੇ ’ਚ ਡਟੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਦੋ ਚਾਰ ਦਿਨਾਂ ਤੱਕ ਸਰਕਾਰ ਨਾ ਜਾਗੀ ਤਾਂ ਅਗਲਾ ਐਕਸ਼ਨ ਫੈਸਲਾਕੁੰਨ ਹੋਵੇਗਾ। ਜਿਹੜਾ ਉਗਰਾਹਾਂ ਜਥੇਬੰਦੀ ਦੀ ਸੂਬਾ ਕਮੇਟੀ ਦੇ ਧਿਆਨ ’ਚ ਹੈ।