ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਪੁਲਿਸ ਵੱਲੋਂ ਸਮੂਹ ਬੱਸ ਸਟੈਂਡਾਂ ’ਤੇ ਚੈਕਿੰਗ
ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਪੁਲਿਸ ਵੱਲੋਂ ਸਮੂਹ ਬੱਸ ਸਟੈਂਡਾਂ ’ਤੇ ਵਿਸ਼ੇਸ਼ ਚੈਕਿੰਗ
Publish Date: Sun, 01 Feb 2026 04:05 PM (IST)
Updated Date: Sun, 01 Feb 2026 04:07 PM (IST)

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਐਸਐਸਪੀ ਅਭਿਮੰਨਿਊ ਰਾਣਾ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਸ਼ਰਾਰਤੀ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਜ਼ਿਲ੍ਹੇ ਭਰ ਦੇ ਬੱਸ ਸਟੈਂਡਾਂ ’ਤੇ ਵਿਸ਼ੇਸ਼ ਸਰਚ ਓਪਰੇਸ਼ਨ ਚਲਾਇਆ ਗਿਆ। ਇਹ ਵਿਸ਼ੇਸ਼ ਸਰਚ ਅਭਿਆਨ ਐਸਐਸਪੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਦੀਆਂ ਚਾਰਾਂ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੇ ਲੰਬੀ ’ਚ ਸਥਿਤ ਬੱਸ ਸਟੈਂਡਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਚਲਾਇਆ ਗਿਆ। ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਨਿਮਨਲਿਖਤ ਅਨੁਸਾਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਬਚਨ ਸਿੰਘ ਡੀਐਸਪੀ (ਸ੍ਰੀ ਮੁਕਤਸਰ ਸਾਹਿਬ), ਨਵੀਨਪਾਲ ਸਿੰਘ ਸਿੰਘ ਡੀਐਸਪੀ (ਮਲੋਟ), ਅਰੁਣ ਮੁੰਡਨ ਡੀਐਸਪੀ (ਗਿੱਦੜਬਾਹਾ) ਤੇ ਹਰਬੰਸ ਸਿੰਘ ਡੀਐਸਪੀ (ਲੰਬੀ) ਵੱਲੋਂ ਪੁਲਿਸ ਕਰਮਚਾਰੀਆਂ ਸਮੇਤ ਆਪਣੀ-ਆਪਣੀ ਸਬ-ਡਿਵੀਜ਼ਨ ਦੇ ਬੱਸ ਸਟੈਂਡਾਂ ’ਤੇ ਵਿਸਤ੍ਰਿਤ ਸਰਚ ਓਪਰੇਸ਼ਨ ਕੀਤਾ ਗਿਆ। ਇਸ ਵਿਸ਼ੇਸ਼ ਸਰਚ ਅਭਿਆਨ ’ਚ 220 ਤੋਂ ਵੱਧ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ। ਇਸ ਦੌਰਾਨ ਬੱਸ ਸਟੈਂਡਾਂ ’ਤੇ ਸ਼ੱਕੀ ਵਿਅਕਤੀਆਂ ਤੇ ਉਨ੍ਹਾਂ ਦੇ ਸਮਾਨ ਦੀ ਗਹਿਰਾਈ ਨਾਲ ਤਲਾਸ਼ੀ ਕੀਤੀ ਗਈ। ਪੀਏਆਈਐਸ ਐਪ ਦੀ ਮੱਦਦ ਨਾਲ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ ਦੀ ਜਾਂਚ ਕੀਤੀ ਗਈ। ਵਾਹਨ ਐਪ ਰਾਹੀਂ ਪਾਰਕਿੰਗ ’ਚ ਖੜ੍ਹੇ ਵਾਹਨਾਂ ਦੀ ਤਸਦੀਕ ਕੀਤੀ ਗਈ। ਐਂਟੀ-ਸਾਬੋਟਾਜ਼ ਟੀਮਾਂ ਵੱਲੋਂ ਬੱਸ ਸਟੈਂਡ, ਵੇਟਿੰਗ ਹਾਲ, ਪਾਰਕਿੰਗ ਦੇ ਆਲੇ-ਦੁਆਲੇ ਇਲਾਕਿਆਂ ਦੀ ਸੰਘਣੀ ਤਲਾਸ਼ੀ ਕੀਤੀ ਗਈ। ਯਾਤਰੀਆਂ ਨਾਲ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਸਬੰਧੀ ਜਾਗਰੂਕ ਕੀਤਾ ਗਿਆ। ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਅਜਿਹੇ ਸਰਚ ਆਪਰੇਸ਼ਨ ਨਿਯਮਤ ਤੌਰ ’ਤੇ ਜਾਰੀ ਰਹਿਣਗੇ ਤਾਂ ਜੋ ਸ਼ਰਾਰਤੀ ਅਨਸਰਾਂ, ਨਸ਼ਾ ਤਸਕਰਾਂ ਤੇ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਪੂਰੀ ਤਰ੍ਹਾਂ ਨਕੇਲ ਕਸੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੂਰਤ ’ਚ ਬਖ਼ਸ਼ਿਆ ਨਹੀਂ ਜਾਵੇਗਾ।