ਪੁਲਿਸ ਨੇ ਚਾਰ ਵੱਖ ਵੱਖ ਥਾਵਾਂ ਤੋਂ ਪੰਜ ਲੜਕਿਆਂ ਨੂੰ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਕਾਬੂ

ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਡਾ. ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਚਾਰ ਵੱਖ ਵੱਖ ਥਾਵਾਂ ਤੋਂ ਪੰਜ ਲੜਕਿਆਂ ਨੂੰ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏਐਸਆਈ ਦਰਸ਼ਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਬੱਸ ਅੱਡਾ ਚੰਦਭਾਨ ਨੇੜੇ ਦੋ ਨੋਜਵਾਨ ਦਿਖਾਈ ਦਿੱਤੇ, ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਕੋਲ ਖੜੇ ਮੋਟਰਸਾਈਕਲ ਨੂੰ ਸਟਾਟ ਕਰਕੇ ਖਿਸਕਣ ਲੱਗੇ ਤਾਂ ਪੁਲਿਸ ਪਾਰਟੀ ਨੇ ਉਹਨਾ ਕੋਲ ਨਸ਼ੀਲੀ ਵਸਤੂ ਹੋਣ ਦਾ ਸ਼ੱਕ ਪੈਣ ’ਤੇ ਨਾਮ-ਪਤਾ ਪੁੱਛਿਆ ਤਾਂ ਉਕਤਾਨ ਨੇ ਆਪਣਾ ਨਾਮ ਰਿੰਕੂ ਸਿੰਘ ਅਤੇ ਕਿ੍ਸ਼ਨ ਸਿੰਘ ਉਰਫ ਕਾਲੀਆ ਵਾਸੀਆਨ ਬੀੜ ਤਲਾਬ ਦੱਸਿਆ। ਤਲਾਸ਼ੀ ਦੌਰਾਨ ਉਕਤਾਨ ਕੋਲੋਂ 87 ਗ੍ਰਾਮ ਹੈਰੋਇਨ ਸਮੇਤ ਇਕ ਮੋਟਰਸਾਈਕਲ ਹੀਰੋ ਸਪਲੈਂਡਰ, ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਸਥਿੱਤ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਅਕਲਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਗੁਰਸੇਵਕ ਸਿੰਘ ਉਰਫ ਗੋਲੂ ਵਾਸੀ ਗਲੀ ਨੰਬਰ 4 ਨਿਊ ਕੈਂਟ ਰੋਡ ਫਰੀਦਕੋਟ ਦੀ ਸ਼ੱਕ ਦੀ ਬਿਨਾਅ ’ਤੇ ਤਲਾਸ਼ੀ ਕੀਤੀ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਸਿਟੀ ਥਾਣਾ ਫਰੀਦਕੋਟ ਵਿਖੇ ਤੈਨਾਤ ਏਐਸਆਈ ਭੁਪਿੰਦਰਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਗੁਰੂ ਤੇਗ ਬਹਾਦਰ ਨਗਰ ਵਾਲੇ ਪਾਸਿਉਂ ਇਕ ਮੋਨਾ ਨੌਜਵਾਨ ਆਉਂਦਾ ਦੇਖਿਆ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਆਪਣੇ ਜੇਬ ਵਿੱਚੋਂ ਇਕ ਪਾਰਦਰਸ਼ੀ ਮੋਮੀ ਲਿਫਾਫੀ ਹੇਠਾਂ ਜਮੀਨ ’ਤੇ ਸੁੱਟ ਦਿੱਤੀ। ਸ਼ੱਕ ਪੈਣ ’ਤੇ ਰਾਹੁਲ ਉਰਫ ਬੌਵੀ ਵਾਸੀ ਬੈਕਸਾਈਡ ਸਦਾ ਰਾਮ ਸਕੂਲ ਜੈਤੋ ਰੋਡ ਕੋਟਕਪੂਰਾ ਨਾਮ ਦੇ ਉਕਤ ਨੌਜਵਾਨ ਤੋਂ ਤਲਾਸ਼ੀ ਦੌਰਾਨ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਚੌਂਕੀ ਪੰਜਗਰਾਈਂ ਕਲਾਂ ਦੇ ਇੰਚਾਰਜ ਏਐਸਆਈ ਗੁਰਜੰਟ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਪਿੰਡ ਪੰਜਗਰਾਈਂ ਕਲਾਂ ਤੋਂ ਬੱਗੇਆਣਾ ਨੂੰ ਜਾਂਦੇ ਸਮੇਂ ਪਿੰਡ ਬੱਗੇਆਣਾ ਨੇੜੇ ਇਕ ਮੋਨਾ ਨੌਜਵਾਨ ਝੂਮਦਾ ਹੋਇਆ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਦੇ ਕੋਈ ਨਸ਼ੀਲੀ ਚੀਜ ਖਾਦੀ ਪੀਤੀ ਜਾਪਦੀ ਹੋਣ ਕਰਕੇ ਉਕਤ ਨੌਜਵਾਨ ਦਾ ਨਾਮ-ਪਤਾ ਪੁੱਛਿਆ ਤਾਂ ਗੁਰਾਂਦਿੱਤਾ ਸਿੰਘ ਵਾਸੀ ਪਿੰਡ ਬੱਗੇਆਣਾ ਨਾਮ ਦੇ ਨੋਜਵਾਨ ਨੇ ਪੁੱਛਗਿੱਛ ਦੌਰਾਨ ਪੁਲਿਸ ਕੋਲ ਮੰਨਿਆ ਕਿ ਉਸ ਨੇ ਚਿੱਟੇ (ਹੈਰੋਇਨ) ਦਾ ਨਸ਼ਾ ਕੀਤਾ ਹੋਇਆ ਹੈ। ਪੁਲਿਸ ਪਾਰਟੀ ਨੇ ਸਿਵਲ ਹਸਪਤਾਲ ਫਰੀਦਕੋਟ ਤੋਂ ਉਸ ਦਾ ਡੋਪ ਟੈਸਟ ਕਰਵਾਇਆ, ਜੋ ਪਾਜੇਟਿਵ ਆਉਣ ਕਰਕੇ ਉਸ ਨੂੰ ਪਹਿਲਾਂ ਐਨਡੀਪੀਐਸ ਐਕਟ ਤਹਿਤ ਨਾਮਜਦ ਕੀਤਾ ਗਿਆ ਤੇ ਫਿਰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ। ਡਾ ਪ੍ਰਗਿਆ ਜੈਨ ਐਸਐਸਪੀ ਮੁਤਾਬਿਕ ਉਕਤਾਨ ਖਿਲਾਫ ਚਾਰ ਵੱਖ ਵੱਖ ਥਾਣਿਆਂ ’ਚ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕਰਕੇ ਉਕਤਾਨ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੱਡੇ ਨਸ਼ਾ ਤਸਕਰ ਦਾ ਸੁਰਾਗ ਲਾਇਆ ਜਾ ਸਕੇ।