ਨੌਜਵਾਨ ਪੀੜ੍ਹੀ ਨੂੰ ਵਿਰਸੇ ਤੇ ਵਿਰਾਸਤ ਨਾਲ ਜੋੜਨ ਵਾਸਤੇ ਉਸਾਰੂ ਨਾਟਕ ਹੋਣੇ ਬਹੁਤ ਜ਼ਰੂਰੀ... ਕੁਸ਼ਲਦੀਪ ਸਿੰਘ ਢਿੱਲੋਂ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫ਼ਰੀਦਕੋਟ : ਫ਼ਿਰਦੌਸ ਰੰਗਮੰਚ ਫ਼ਰੀਦਕੋਟ, ਪੰਜਾਬੀ ਸੰਗੀਤ ਨਾਟਕ ਅਕੈਡਮੀ, ਆਈ ਕੈਨਵਸ ਪ੍ਰੋਡਕਸ਼ਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜਵੇਂ ਨਾਟਕ ਮੇਲੇ ਦੇ ਤੀਜੇ ਦਿਨ ਓਪਨ ਏਅਰ ਥੀਏਟਰ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਫ਼ਿਰਦੌਸ ਰੰਗਮੰਚ ਡਾਇਰੈਕਟਰ ਰਾਜਿੰਦਰ ਬੁਲਟ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਕਿਹਾ ਫ਼ਰੀਦਕੋਟ ਦੇ ਕਲਾ ਪ੍ਰੇਮੀਆਂ ਦੇ ਪਿਆਰ ਦੀ ਬਦੌਲਤ ਇਹ ਨਾਟਕ ਮੇਲਾ ਨਿਰੰਤਰ ਪੰਜਵੇਂ ਸਾਲ ’ਚ ਕਰਵਾਇਆ ਜਾ ਰਿਹਾ ਹੈ। ਨਾਟਕ ਮੇਲੇ ਦੇ ਤੀਜੇ ਦਿਨ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ/ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸ਼ਾਮਲ ਹੋਏ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ ਬਾਬਾ, ਸੇਵਾ ਮੁਕਤ ਜ਼ਿਲਾ ਸਿੱਖਿਆ ਅਫ਼ਸਰ/ਪ੍ਰਧਾਨ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਪ੍ਰਿੰਸੀਪਲ ਸੁਰੇਸ਼ ਅਰੋੜਾ, ਡਾ.ਰਾਜੇਸ਼ ਮੋਹਨ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਗੀਤਕਾਰ/ਲੋਕ ਗਾਇਕ ਸੁਰਜੀਤ ਗਿੱਲ, ਪ੍ਰੋ.ਬੀਰਇੰਦਰਜੀਤ ਸਿੰਘ ਸਰਾਂ, ਗਗਨਦੀਪ ਸਿੰਘ ਮੈਨੇਜਿੰਗ ਡਾਇਰੈਕਟਰ ਓਵਰਸੀਜ਼ ਇੰਮੀਗ੍ਰੇਸ਼ਨ, ਡਾ.ਕੁਲਦੀਪ ਸਿੰਘ ਕਲਸੀ, ਡਾ.ਇੰਦਰਜੀਤ ਕੌਰ ਕਲਸੀ, ਪ੍ਰਾਪਟਰੀ ਸਲਾਹਕਾਰ ਰਾਜੇਸ਼ ਕੁਮਾਰ ਹਜ਼ੂਰਾ, ਬੰਨੀ ਇਲੈਕਟ੍ਰਾਨਿਕਸ ਦੇ ਮੈਨੇਜਿੰਗ ਡਾਇਰੈਕਟਰ ਪਵਨ ਕੁਮਾਰ, ਅਗਾਂਹਵਧੂ ਅਧਿਆਪਕ ਅਮਨਪ੍ਰੀਤ ਸਿੰਘ ਬਰਾੜ, ਫ਼ਿਲਮ ਨਿਰਦੇਸ਼ਕ ਰਾਜਿੰਦਰ ਕੁਮਾਰ ਫ਼ਿਰੋਜ਼ਪੁਰ, ਪ੍ਰਿੰਸੀਪਲ ਨਰਿੰਦਰ ਕੌਰ ਬਾਬਾ ਜੀਵਨ ਸਿੰਘ ਪਬਲਿਕ ਸਕੂਲ ਫ਼ਰੀਦਕੋਟ, ਪ੍ਰੋ.ਜਸਬੀਰ ਕੌਰ, ਪ੍ਰੋ.ਹਰਬੰਸ ਸਿੰਘ ਪਦਮ ਕੋਟਕਪੂਰਾ ਸ਼ਾਮਲ ਹੋਏ। ਦੂਜੇ ਦਿਨ ਦੇ ਨਾਟਕ ਮੇਲੇ ਦੀ ਸ਼ੁਰੂਆਤ ਸੁਰ ਆਂਗਣ ਦੇ ਕਲਾਕਾਰਾਂ ਨੇ ਧਾਰਮਿਕ ਗੀਤ ਕੀਤੀ ਤੇ ਫ਼ਿਰ ਕਰੀਬ ਸਾਹਿਤਕ ਗੀਤਾਂ ਨੂੰ ਸੰਗੀਤ ਸੂਝ ਦੀ ਚਾਸ਼ਨੀ ’ਚ ਡੋਬ ਕੇ ਗਾਉਂਦਿਆਂ ਹਾਜ਼ਰੀਨ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕੀਤਾ। ਮੰਚ ਦੇ ਸਕੱਤਰ ਸਿਮਰਜੀਤ ਸਿੰਘ ਨੇ ਸਾਹਿਤਕ ਗੀਤਾਂ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਪੰਜਾਬ ਦੇ ਨਾਮਵਰ ਨਾਟਕਾਰ ਡਾ.ਕੁਲਦੀਪ ਦੀਪ ਦੁਆਰਾ ਲਿਖਿਆ ਅਤੇ ਪ੍ਰੋਫ਼ੈਸਰ ਸੋਮਪਾਲ ਹੀਰਾ ਦੁਆਰਾ ਨਿਰਦੇਸ਼ਤ ਨਾਟਕ ‘ਛੱਲਾ ’ ਖੇਡਿਆ ਗਿਆ। ਇਸ ਨਾਟਕ ਰਾਹੀਂ ਪੰਜਾਬ ਦੇ ਉੱਚਕੇਟੀ ਦੇ ਨਾਟਕਾਰ ਪ੍ਰੋ. ਸੋਮਪਾਲ ਹੀਰਾ ਨੇ ਅਜੋਕੇ ਦੌਰ ’ਚ ਨੌਜਵਾਨਾਂ ਦੀ ਵਿਦੇਸ਼ਾਂ ’ਚ ਜਾ ਕੇ ਵਸਣ ਦੀ ਹੋੜ, ਦੇਸ਼ ਅੰਦਰ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਮਿਲਣ ਦੀ ਤ੍ਰਸ਼ਾਦੀ, ਏਜੰਟਾਂ ਰਾਹੀਂ ਹੁੰਦੀ, ਬਾਹਰ ਜਾਣ ਦੀ ਤਾਂਘ ’ਚ ਗਲਤ ਢੰਗ-ਤਰੀਕੇ ਅਪਨਾਉਣ ਵਾਲੇ ਨੌਜਵਾਨਾਂ ਦੀ ਤਰਾਸਦੀ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਢੁੱਕਵੀ ਸਟੇਜ ਸੈਟਿੰਗ, ਸ਼ਾਨਦਾਰ ਮੇਕਅੱਪ, ਸੰਗੀਤ, ਲਾਈਟਿੰਗ ਦੇ ਵਿਸ਼ੇਸ਼ ਪ੍ਰਭਾਵਾਂ ਹੇਠ ਇਹ ਨਾਟਕ ਦੀ ਪੇਸ਼ਕਾਰੀ ਬੇਹੱਦ ਸਫ਼ਲ ਰਹੀ। ਇਸ ਇਕ ਪਾਤਰੀ ਨਾਟਕ ਨੂੰ ਵਾਰ-ਵਾਰ ਸਰੋਤਿਆਂ ਨੇ ਦਿਲ ਖੋਲ ਕੇ ਦਾਦ ਦਿੱਤੀ। ਇਸ ਮੌਕੇ ਪ੍ਰੋ.ਸੋਮਨਪਾਲ ਹੀਰਾ, ਚੇਅਰਮੈਨ ਅਮਨਦੀਪ ਸਿੰਘ ਬਾਬਾ, ਸਮਾਜ ਸੇਵੀ ਸੁਰੇਸ਼ ਅਰੋੜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਮੰਚ ਦੇ ਇਸ ਉਪਰਾਲੇ ਨੂੰ ਪੰਜਵੇਂ ਸਾਲ ’ਚ ਪਹੁੰਚਣ ਤੇ ਸਾਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਦੌਰ ’ਚ ਸਾਡੀ ਨੌਜਵਾਨ ਪੀੜ੍ਹੀ ਨੂੰ ਉਸਾਰੂ ਨਾਟਕਾਂ ਰਾਹੀਂ ਸਾਡੀ ਵਿਰਾਸਤ ਅਤੇ ਵਿਰਸੇ ਨਾਲ ਜੋੜਨ ਵਾਸਤੇ ਨਾਟਕ ਮੇਲੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਨਾਟਕ ਕੋਮਲ ਵਿਧਾ ਹੈ। ਇਸ ਨਾਲ ਅਸੀਂ ਆਪਣਾ ਸੰਦੇਸ਼ ਪੱਕੇ ਤੌਰ ਤੇ ਆਮ ਲੋਕਾਂ ਤੱਕ ਪੁੱਜਦਾ ਕਰ ਸਕਦੇ ਹਾਂ। ਉਨ੍ਹਾਂ ਮੰਚ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਵੱਲੋਂ ਨਿਭਾਈ ਗਈ। ਤੀਜੇ ਦਿਨ ਦੇ ਨਾਟਕ ਦੀ ਸਫ਼ਲਤਾ ਲਈ ਫ਼ਿਰਦੌਸ ਰੰਗਮੰਚ ਦੀ ਸਮੁੱਚੀ ਟੀਮ ਨੇ ਅਹਿਮ ਭੂਮਿਕਾ ਅਦਾ ਕੀਤੀ।