ਮੋਗਾ 'ਚ ਦਰਦਨਾਕ ਹਾਦਸਾ: ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਿਤਾ ਦੀ ਮੌਤ ਤੇ ਪੁੱਤਰ ਜ਼ਖ਼ਮੀ
ਹਸਪਤਾਲ ਸਟਾਫ਼ ਨੇ ਜ਼ਖ਼ਮੀ ਨੌਜਵਾਨ ਗੁਰਜੀਤ ਸਿੰਘ ਨੂੰ ਮੁਢਲੀ ਸਹਾਇਤਾ ਦੇਣ ਦੇ ਨਾਲ-ਨਾਲ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਅਤੇ ਬੱਸ ਚਾਲਕ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Publish Date: Tue, 07 Apr 2026 11:48 AM (IST)
Updated Date: Tue, 07 Apr 2026 11:50 AM (IST)
ਸੰਵਾਦ ਸਹਿਯੋਗੀ, ਮੋਗਾ: ਮੋਗਾ ਦੇ ਅੰਮ੍ਰਿਤਸਰ ਰੋਡ 'ਤੇ ਮੰਗਲਵਾਰ ਸਵੇਰੇ ਲਗਪਗ 11 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਪਿਤਾ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਮਾਤਾ ਬੁਰਜ ਜਾਣ ਵੇਲੇ ਵਾਪਰਿਆ ਭਾਣਾ
ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਜ਼ਖ਼ਮੀ ਗੁਰਜੀਤ ਸਿੰਘ (ਨਿਵਾਸੀ ਬਾਕਰਵਾਲਾ, ਥਾਣਾ ਧਰਮਕੋਟ) ਨੇ ਦੱਸਿਆ ਕਿ ਉਹ ਆਪਣੇ ਪਿਤਾ ਜੋਗਿੰਦਰ ਸਿੰਘ ਅਤੇ ਮਾਤਾ ਰੀਟਾ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਠਿੰਡਾ ਦੇ ਕੋਲ 'ਮਾਤਾ ਬੁਰਜ' ਵਿਖੇ ਮੱਥਾ ਟੇਕਣ ਜਾ ਰਹੇ ਸਨ। ਉਹ ਸਿਧਵਾਂ ਬੇਟ ਤੋਂ ਮੋਗਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆ ਰਹੇ ਸਨ। ਮੋਟਰਸਾਈਕਲ ਉਸ ਦੇ ਪਿਤਾ ਜੋਗਿੰਦਰ ਸਿੰਘ ਚਲਾ ਰਹੇ ਸਨ।
ਸੜਕ 'ਤੇ ਡਿੱਗਣ ਕਾਰਨ ਹੋਈ ਮੌਤ
ਜਿਵੇਂ ਹੀ ਉਹ ਅੰਮ੍ਰਿਤਸਰ ਰੋਡ 'ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਸੜਕ 'ਤੇ ਜਾ ਡਿੱਗੇ। ਰਾਹਗੀਰਾਂ ਦੀ ਮਦਦ ਨਾਲ ਜੋਗਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜੋਗਿੰਦਰ ਸਿੰਘ ਦੀ ਗੰਭੀਰ ਹਾਲਤ ਕਾਰਨ ਮੌਤ ਹੋ ਗਈ।
ਪੁਲਿਸ ਵੱਲੋਂ ਜਾਂਚ ਸ਼ੁਰੂ
ਹਸਪਤਾਲ ਸਟਾਫ਼ ਨੇ ਜ਼ਖ਼ਮੀ ਨੌਜਵਾਨ ਗੁਰਜੀਤ ਸਿੰਘ ਨੂੰ ਮੁਢਲੀ ਸਹਾਇਤਾ ਦੇਣ ਦੇ ਨਾਲ-ਨਾਲ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਅਤੇ ਬੱਸ ਚਾਲਕ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।