ਪ੍ਰੀ-ਨਿਰਵਾਣ ਦਿਵਸ ਸਬੰਧੀ ਮੀਟਿੰਗ 6 ਨੂੰ
ਪ੍ਰੀ-ਨਿਰਵਾਣ ਦਿਵਸ ਮੌਕੇ ਸੰਵਿਧਾਨ ਬਚਾਉਣ ਦਾ ਪ੍ਰਣ ਲਿਆ ਜਾਵੇਗਾ : ਢੋਸੀਵਾਲ
Publish Date: Thu, 04 Dec 2025 05:00 PM (IST)
Updated Date: Fri, 05 Dec 2025 04:06 AM (IST)
-06 ਦਸੰਬਰ ਨੂੰ ਹੋਵੇਗੀ ਵਿਸ਼ੇਸ਼ ਮੀਟਿੰਗ-
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਡਾ. ਅੰਬੇਡਕਰ ਪ੍ਰੀ-ਨਿਰਵਾਣ ਦਿਵਸ ਮੌਕੇ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ। ਇਹ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਆਉਂਦੀ 06 ਦਸੰਬਰ ਸ਼ਨੀਵਾਰ ਨੂੰ ਹੋਵੇਗੀ। ਮੀਟਿੰਗ ਦੀ ਪ੍ਰਧਾਨਗੀ ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਕਰਨਗੇ। ਇਸ ਮੌਕੇ ਮਿਸ਼ਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਭਾਗ ਲੈਣਗੇ। ਇਹ ਜਾਣਕਾਰੀ ਅੱਜ ਇੱਥੇ ਪ੍ਰਧਾਨ ਢੋਸੀਵਾਲ ਨੇ ਦਿੱਤੀ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪ੍ਰੀ-ਨਿਰਵਾਣ ਦਿਵਸ ਸਬੰਧੀ ਆਯੋਜਿਤ ਕੀਤੀ ਜਾਣ ਵਾਲੀ ਉਕਤ ਮੀਟਿੰਗ ਵਿੱਚ ਭਾਰਤੀ ਸੰਵਿਧਾਨ ਨੂੰ ਬਚਾਉਣ ਅਤੇ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਮੀਟਿੰਗ ’ਚ ਮੌਜੂਦ ਮੈਂਬਰਾਂ ਵੱਲੋਂ ਪ੍ਰਣ ਲਿਆ ਜਾਵੇਗਾ। ਪ੍ਰੀ-ਨਿਰਵਾਣ ਦਿਵਸ ਮੀਟਿੰਗ ਮੌਕੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਮਹਾਨ ਵਿਦਵਾਨ, ਦੇਸ਼ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ 06 ਦਸੰਬਰ 1956 ਨੂੰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਡਾ. ਅੰਬੇਡਕਰ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਬੁੱਧ ਧਰਮ ਅਪਣਾ ਲਿਆ ਸੀ, ਇਸ ਕਰਕੇ ਉਨ੍ਹਾਂ ਦੇ ਅਕਾਲ ਚਲਾਣੇ ਵਾਲੇ ਦਿਨ ਨੂੰ ਪ੍ਰੀ-ਨਿਰਵਾਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪ੍ਰਧਾਨ ਢੋਸੀਵਾਲ ਨੇ ਸਮੂਹ ਮਿਸ਼ਨ ਮੈਂਬਰਾਂ ਅਤੇ ਪ੍ਰੀ-ਨਿਰਵਾਣ ਦਿਵਸ ਮੌਕੇ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਸਮੇਂ-ਸਿਰ ਡਾ. ਅੰਬੇਡਕਰ ਪਾਰਕ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।