ਏਡਜ਼ ਤੋਂ ਬਚਾਅ ਸਬੰਧੀ ਦਿੱਤੀ ਜਾਣਕਾਰੀ
ਸਮਾਈਲ ਫਾਊਂਡੇਸ਼ਨ ਅਤੇ ਐੱਸਬੀਆਈ
Publish Date: Fri, 05 Dec 2025 04:08 PM (IST)
Updated Date: Sat, 06 Dec 2025 04:00 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸਮਾਈਲ ਫਾਊਂਡੇਸ਼ਨ ਅਤੇ ਐੱਸਬੀਆਈ ਕਾਰਡਸ ਐਂਡ ਪੇਮੈਂਟ ਸਰਵਿਸਿਜ਼ ਲਿਮਿਟਡ ਵੱਲੋਂ ਪਿੰਡ ਲੰਡੇਕੇ ਵਿਚ ਇਕ ਵਿਸ਼ਾਲ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦਦੇਸ਼ ਲੋਕਾਂ ਨੂੰ ਏਡਜ਼ ਅਤੇ ਐੱਚਆਈਵੀ ਬਾਰੇ ਸਹੀ ਤੇ ਪ੍ਰਭਾਵਸ਼ਾਲੀ ਜਾਣਕਾਰੀ ਪ੍ਰਦਾਨ ਕਰਨਾ ਸੀ, ਤਾਂ ਜੋ ਸਮਾਜ ਵਿਚ ਫੈਲ ਰਹੀਆਂ ਗਲਤ ਫਹਿਮੀਆਂ ਦਾ ਨਿਵਾਰਨ ਕੀਤਾ ਜਾ ਸਕੇ। ਇਸ ਕੈਂਪ ਦੌਰਾਨ ਸਮਾਈਲ ਫਾਊਂਡੇਸ਼ਨ ਦੀ ਕਮਿਊਨਿਟੀ ਮੋਬਿਲਾਈਜ਼ਰ ਮੰਜੂ ਰਾਣੀ ਨੇ ਲੋਕਾਂ ਨੂੰ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਿਹਤ ਸਬੰਧੀ ਪ੍ਰੋਗਰਾਮਾਂ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਐੱਸਬੀਆਈ ਕਾਰਡਸ ਦੁਆਰਾ ਸਮਾਜਿਕ ਭਲਾਈ ਲਈ ਕੀਤੇ ਜਾ ਰਹੇ ਪਹਿਲ ਪ੍ਰੋਗਰਾਮ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੰਜੂ ਰਾਣੀ ਨੇ ਲੋਕਾਂ ਨੂੰ ਏਡਜ਼ ਕੀ ਹੈ, ਇਹ ਕਿਵੇਂ ਫੈਲਦਾ ਹੈ ਅਤੇ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਤੱਕ ਕਿਹੜੇ ਤਰੀਕਿਆਂ ਰਾਹੀਂ ਪਹੁੰਚਦੀ ਹੈ, ਇਸ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਸਚੇਤ ਕੀਤਾ ਕਿ ਸਾਵਧਾਨੀ ਅਤੇ ਜਾਣਕਾਰੀ ਹੀ ਇਸ ਬਿਮਾਰੀ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਕੈਂਪ ਦੌਰਾਨ ਸੀਸੀਐੱਚਓ ਮੈਡਮ ਨੇ ਸਮਾਜ ਦੇ ਉਨ੍ਹਾਂ ਵਰਗਾਂ ਬਾਰੇ ਚਿੰਤਾ ਜ਼ਾਹਰ ਕੀਤੀ ਜੋ ਨਸ਼ਿਆਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਕੋ ਸਰਿੰਜ ਦੀ ਵਰਤੋਂ ਕਰਨ ਨਾਲ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ, ਇਸ ਲਈ ਨਸ਼ਾ ਕਰਨ ਵਾਲੇ ਲੋਕਾਂ ਵਿਚ ਏਡਜ਼ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ। ਇਸਦੇ ਨਾਲ ਨਾਲ ਐੱਚਆਈਵੀ ਦੇ ਕਾਰਣ, ਲੱਛਣਾਂ ਅਤੇ ਬਚਾਅ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕੈਂਪ ਦੇ ਅੰਤ ਵਿਚ ਮੰਜੂ ਰਾਣੀ ਨੇ ਪਿੰਡ ਵਾਸੀਆਂ ਦਾ ਵੱਡੇ ਮਨ ਨਾਲ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦੀ ਸਾਰਗਰਭੀ ਭਾਗੀਦਾਰੀ ਹੀ ਅਜਿਹੇ ਪ੍ਰੋਗਰਾਮਾਂ ਦੀ ਸਫਲਤਾ ਦਾ ਮੂਲ ਹੈ।ਇਸ ਮੌਕੇ ਮੈਲ ਵਰਕਰ ਗਗਨਪ੍ਰੀਤ ਸਿੰਘ, ਏਐੱਨਐੱਮ ਅਤੇ ਪਿੰਡ ਦੀਆਂ ਆਸ਼ਾ ਵਰਕਰਾਂ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਜਾਗਰੂਕਤਾ ਮੁਹਿੰਮ ਵਿਚ ਮੁੱਖ ਭੂਮਿਕਾ ਨਿਭਾਈ।