ਮੋਗਾ ਵਿੱਚ ਤੇਲ ਬੀਜ ਫ਼ਸਲਾਂ ਦਾ ਵਧਿਆ ਰੁਝਾਨ: 5060 ਏਕੜ ਰਕਬੇ ਵਿੱਚ ਸਰ੍ਹੋਂ ਦੀ ਬਿਜਾਈ, ਮੂੰਗਫਲੀ ਦੀ ਖੇਤੀ ਨੂੰ ਵੀ ਮਿਲੇਗਾ ਹੁਲਾਰਾ
ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮੂੰਗਫ਼ਲੀ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਪ੍ਰਦਰਸ਼ਨੀ ਪਲਾਂਟਾਂ ਲਈ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨ ਮੂੰਗਫ਼ਲੀ ਦੀ ਫ਼ਸਲ ਦੀ ਬਿਜਾਈ ਜੂਨ ਮਹੀਨੇ ਦੌਰਾਨ ਕਰ ਸਕਣਗੇ ਤੇ ਖੇਤੀਬਾੜੀ ਵਿਭਾਗ ਮੂੰਗਫ਼ਲੀ ਦੇ ਬੀਜ ਦਾ ਪ੍ਰਬੰਧ ਕਰ ਰਿਹਾ ਹੈ।
Publish Date: Thu, 19 Mar 2026 09:00 AM (IST)
Updated Date: Thu, 19 Mar 2026 09:03 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ , ਮੋਗਾ: ਸਰਕਾਰ ਵੱਲੋਂ 'ਨੈਸ਼ਨਲ ਮਿਸ਼ਨ ਆਨ-ਆਇਲ ਸੀਡ ਸਕੀਮ' ਅਧੀਨ ਕਿਸਾਨਾਂ ਨੂੰ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਸਰਕਾਰ ਵੱਲੋਂ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਕਰਨ ਲਈ ਜਿੱਥੇ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉੱਥੇ ਪ੍ਰਦਰਸ਼ਨੀ ਪਲਾਟਾਂ ’ਤੇ ਕਿਸਾਨਾਂ ਨੂੰ ਮਾਲੀ ਮਦਦ ਵੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਡੀਸੀ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਜ਼ਿਲ੍ਹਾ ਮੋਗਾ ਵਿਚ ਸਾਲ 2024-25 ਦੌਰਾਨ ਕਿਸਾਨਾਂ ਵੱਲੋਂ 2364 ਏਕੜ ਰਕਬੇ ਵਿਚ ਸਰੋਂ ਦੀ ਕਾਸ਼ਤ ਕੀਤੀ ਗਈ। ਸਾਲ 2025-26 ਦੌਰਾਨ 5060 ਏਕੜ ਰਕਬੇ ਵਿਚ ਸਰੋਂ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਇਸ ਵਾਰ 800 ਕਿਸਾਨਾਂ ਨੂੰ 22 ਕੁਇੰਟਲ ਸਰੋਂ ਦਾ ਬੀਜ ਮੁਫ਼ਤ ਵਿਚ ਦਿੱਤਾ ਗਿਆ ਤੇ 80 ਕਿਸਾਨਾਂ ਦੇ ਖੇਤਾਂ ਵਿਚ 66 ਹੈਕਟੇਅਰ ਰਕਬੇ ਦੇ ਪ੍ਰਦਰਸ਼ਨੀ ਪਲਾਂਟ ਬਿਜਵਾਏ ਗਏ। ਪ੍ਰਤੀ ਹੈਕਟੇਅਰ 9000 ਰੁਪਏ ਕਿਸਾਨ ਲਾਭਪਾਤਰੀਆਂ ਦੇ ਖਾਤੇ ਵਿਚ ਪਾਏ ਗਏ। ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੋਗਾ ਵੱਲੋਂ ਮੂੰਗਫਲੀ ਦੀ ਫ਼ਸਲ ਨੂੰ ਮੁੜ ਸੁਰਜੀਤ ਕਰਨ ਲਈ ਸਰਕਾਰੀ ਬੀਜ ਫਾਰਮ ਰੌਂਤਾ ਵਿਚ ਡੇਢ ਏਕੜ ਰਕਬੇ ਵਿਚ ਮੂੰਗਫਲੀ ਕਿਸਮ ਜੇ-87 ਦੀ ਬਿਜਾਈ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਪਲਾਂਟ ਦੀ ਬਿਜਾਈ ਜ਼ਿਲ੍ਹਾ ਮੋਗਾ ਅਤੇ ਲੁਧਿਆਣਾ ਤੋਂ ਆਏ ਹੋਏ ਕਿਸਾਨਾਂ ਦੀ ਹਾਜ਼ਰੀ ਵਿਚ ਕਰਵਾਈ ਗਈ ਤੇ ਪ੍ਰਤੀ ਏਕੜ 45 ਕਿੱਲੋ ਬੀਜ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਤਿੰਨ ਮਹੀਨੇ ਦੀ ਇਸ ਫ਼ਸਲ ਦਾ ਝਾੜ ਪ੍ਰਤੀ ਏਕੜ 13-15 ਕੁਇੰਟਲ ਹੈ ਅਤੇ ਇਸ ਵਿਚ ਤੇਲ ਦੀ ਮਾਤਰਾ 50 ਫ਼ੀਸਦ ਹੈ। ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮੂੰਗਫ਼ਲੀ ਦੀ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਪ੍ਰਦਰਸ਼ਨੀ ਪਲਾਂਟਾਂ ਲਈ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨ ਮੂੰਗਫ਼ਲੀ ਦੀ ਫ਼ਸਲ ਦੀ ਬਿਜਾਈ ਜੂਨ ਮਹੀਨੇ ਦੌਰਾਨ ਕਰ ਸਕਣਗੇ ਤੇ ਖੇਤੀਬਾੜੀ ਵਿਭਾਗ ਮੂੰਗਫ਼ਲੀ ਦੇ ਬੀਜ ਦਾ ਪ੍ਰਬੰਧ ਕਰ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਜੂਨ ਮਹੀਨੇ ਮੂੰਗਫ਼ਲੀ ਦੀ ਕਾਸ਼ਤਕਰਨ ਦੇ ਚਾਹਵਾਨ ਹਨ, ਉਹ ਬਲਾਕ ਖੇਤੀਬਾੜੀ ਅਫ਼ਸਰਾਂ ਨਾਲ ਸੰਪਰਕ ਕਰਨ।