ਐੱਨਐੱਚਐੱਮ ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ’ਚ ਸ਼ਾਮਿਲ
ਐੱਨਐੱਚਐੱਮ ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ’ਚ ਸ਼ਾਮਿਲ
Publish Date: Wed, 03 Dec 2025 06:18 PM (IST)
Updated Date: Wed, 03 Dec 2025 06:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ’ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਉਲੀਕੇ ਰੋਸ ਪ੍ਰੋਗਰਾਮ ਤਹਿਤ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਦਾ ਕਰਨ ਲਈ ਅਤੇ ਆਪਣੀਆਂ ਰੁਕੀਆਂ ਤਨਖ਼ਾਹਾਂ ਨੂੰ ਤੁਰੰਤ ਜਾਰੀ ਕਰਵਾਉਣ ਤੇ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਚੋਂ ਜਗਾਉਣ ਸਮੁੱਚੇ ਪੰਜਾਬ ’ਚ ਸਮੂਹ ਐੱਨਐੱਚਐੱਮ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ। ਜਿਸ ਕਾਰਨ ਸਿਹਤ ਸੇਵਾਵਾਂ ਬੂਰੀ ਤਰ੍ਹਾਂ ਨਾਲ ਪ੍ਰਭਾਵਿਤ ਰਹੀਆਂ। ਇਸ ਦੌਰਾਨ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱਲੋਂ ਵਿਭਾਗ ਦੀ ਹਰ ਤਰ੍ਹਾਂ ਦੀ ਆਨ ਲਾਈਨ ਰਿਪੋਰਟਿੰਗ, ਆਫ਼ ਲਾਈਨ ਰਿਪੋਰਟਿੰਗ, ਰੋਜ਼ਾਨਾ ਓ ਪੀ ਡੀ ਅਤੇ ਹੋਰ ਵਿਭਾਗੀ ਕੰਮਕਾਜਾ ਨੂੰ ਪੂਰੀ ਠੱਪ ਰੱਖਿਆ ਗਿਆ। ਐੱਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਕੌਮੀ ਸਿਹਤ ਮਿਸ਼ਨ (ਐੱਨਐਚਐੱਮ) ਤਹਿਤ ਕੰਮ ਕਰਦੇ ਸਮੂਹ ਮੁਲਾਜਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਜਿੱਥੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਮੂਹ ਮੁਲਾਜ਼ਮ ਵਿਭਾਗ ਅਤੇ ਸਰਕਾਰ ਦੇ ਇਸ ਰਵੱਈਏ ਕਾਰਨ ਮਾਨਸਿਕ ਤਣਾਓ ਵਿਚੋਂ ਗੁਜ਼ਰ ਰਹੇ ਹਨ। ਸੱਤਾ ’ਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿੱਥੇ ਆਪਣੇ ਵਾਅਦਿਆਂ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ, ਉੱਥੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਨਾ ਕਰਨ ਅਤੇ ਮੁੱਖ ਮੰਗਾਂ ਦਰਕਿਨਾਰ ਕਰ ਕੇ ਹਰ ਫਰੰਟ ਤੇ ਫ਼ੇਲ੍ਹ ਸਰਕਾਰ ਸਾਬਤ ਹੋ ਰਹੀ ਹੈ। ਇਸ ਮੌਕੇ ਰਣਜੀਤ ਕੌਰ ਅਤੇ ਡਾਕਟਰ ਗੀਤਾ ਨੇ ਰੋਸ ਭਰੇ ਸ਼ਬਦਾਂ ’ਚ ਕਿਹਾ ਕਿ ਜੇਕਰ ਸਰਕਾਰ ਅਤੇ ਵਿਭਾਗ ਉਨ੍ਹਾਂ ਦੀਆ ਰੁਕੀਆਂ ਹੋਈਆਂ ਤਨਖ਼ਾਹਾਂ ਤੁਰੰਤ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਚ ਇਸ ਸੰਘਰਸ਼ ਦੀ ਰੂਪ ਰੇਖਾ ਨੂੰ ਤਿੱਖਾ ਕਰਦੇ ਹੋਏ 4 ਤਰੀਕ ਨੂੰ ਮਿਸ਼ਨ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਹੈੱਡ ਆਫ਼ਿਸ ਦਾ ਘਿਰਾਓ ਕੀਤਾ ਜਾਵੇਗਾ। ਇਸ ਲਈ ਉਨ੍ਹਾਂ ਦੀਆ ਰੁਕੀਆਂ ਹੋਈਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ। ਇਸ ਮੌਕੇ ਤੇ ਡਾਕਟਰ ਯਸ਼ਪਾਲ, ਆਰਤੀ ਮਿੱਢਾ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਸੰਤੋਸ਼ ਰਾਣੀ ਅਤੇ ਸਮੂਹ ਐੱਨਐਚਐਮ ਕਰਮਚਾਰੀ ਹਾਜਰ ਸਨ।