ਮਾਤਾ ਭਾਗ ਕੌਰ ਦੇ ਜਨਮ ਅਸਥਾਨ ਤੋਂ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ
ਮਾਤਾ ਭਾਗ ਕੌਰ ਜੀ ਦੇ ਜਨਮ ਅਸਥਾਨ ਝਬਾਲ ਤੋਂ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ
Publish Date: Wed, 14 Jan 2026 08:29 PM (IST)
Updated Date: Wed, 14 Jan 2026 08:30 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿਛਲੇ ਕਈ ਸਾਲਾਂ ਵਾਂਗ ਇਸ ਸਾਲ ਵੀ ਝਬਾਲ ਕਸਬਾ (ਜ਼ਿਲ੍ਹਾ ਤਰਨਤਾਰਨ) ਤੋਂ ਨਗਰ ਕੀਰਤਨ ਦਾ ਆਰੰਭ 11 ਜਨਵਰੀ ਨੂੰ ਬੜੀ ਸ਼ਾਨੋ-ਸ਼ੌਕਤ ਨਾਲ ਹੋਇਆ। ਇੱਥੇ ਦੱਸਣਯੋਗ ਹੈ ਕਿ ਝਬਾਲ ਕਸਬਾ ਮਾਤਾ ਭਾਗ ਕੌਰ ਜੀ ਦਾ ਜਨਮ ਅਸਥਾਨ ਹੈ ਤੇ ਉੱਥੇ ਉਨ੍ਹਾਂ ਦੀ ਯਾਦ ’ਚ ਇੱਕ ਵਿਸ਼ਾਲ ਗੁਰੂਦੁਆਰਾ ਸੁਸ਼ੋਭਿਤ ਹੈ। ਇਸ ਗੁਰਦੁਆਰੇ ਦੀ ਚਾਰਦਿਵਾਰੀ ਦੇ ਅੰਦਰ ਹੀ ਪੁਰਾਣਾ ਭਾਈ ਲੰਗਾਹ ਜੀ (ਮਾਤਾ ਭਾਗ ਕੌਰ ਜੀ ਦੇ ਪੜਦਾਦਾ ਜੀ) ਦਾ ਘਰ ਸੀ ਜਿਸ ਦੀਆਂ ਕੁਝ ਨਿਸ਼ਾਨੀਆਂ ਅੱਜ ਵੀ ਉੱਥੇ ਮੌਜੂਦ ਹਨ। ਲਗਭਗ 200 ਸ਼ਰਧਾਲੂ ਸੰਗਤ ਸਮੇਤ ਨਗਰ ਕੀਰਤਨ ਦਾ ਪਹਿਲਾ ਪੜਾਅ 11 ਜਨਵਰੀ ਦੀ ਰਾਤ ਨੂੰ ਆਰਐੱਫਕੇ ਵਿਖੇ ਹੋਇਆ। ਦੂਜਾ ਪੜਾਅ 12 ਜਨਵਰੀ ਨੂੰ ਕਰਿਕਲਾਂ ਵਿਖੇ ਰਿਹਾ। ਲੰਬਾ ਸਫਰ ਤਹਿ ਕਰਦੇ ਹੋਏ ਨਗਰ ਕੀਰਤਨ 13 ਜਨਵਰੀ ਦੀ ਸ਼ਾਮ ਕਰੀਬ 5 ਵਜੇ ਟਿੱਬੀ ਸਾਹਿਬ ਡੇਰਾ ਬਾਬਾ ਬਿਧੀ ਚੰਦ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ। ਨਗਰ ਕੀਰਤਨ ’ਚ ਤਿੰਨ ਟਰਾਲੀਆਂ ਦੇ ਮਗਰ ਚਾਰ ਸਿੱਖ ਇਤਿਹਾਸ ਨੂੰ ਦਰਸਾਉਂਦੇ ਵੱਡੇ ਫਲੈਕਸ ਬੋਰਡ ਲਗਾਏ ਗਏ ਸਨ ਜੋ ਕਿ ਅਲੌਕਿਕ ਦਿੱਖ ਪੇਸ਼ ਕਰ ਰਹੇ ਸਨ। ਉੱਥੇ ਨਗਰ ਕੀਰਤਨ ਦੇ ਸੁਆਗਤ ਲਈ ਸ੍ਰੀ ਮੁਕਤਸਰ ਸਾਹਿਬ ਦੇ ਮੀਤ ਮੈਨੇਜਰ ਸੁਖਦੇਵ ਸਿੰਘ ਤੇ ਹੋਰ ਕਰਮਚਾਰੀ ਹਾਜ਼ਰ ਸਨ। ਸੁਆਗਤ ਸਮਾਰੋਹ ਦੌਰਾਨ ਸ਼ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਸਿਰਪਾਉ ਭੇਟ ਕੀਤੇ ਗਏ ਤੇ ਪੂਰੇ ਨਗਰ ਕੀਰਤਨ ਨੂੰ ਜੀ ਆਇਆਂ ਆਖਿਆ ਗਿਆ। ਇਸ ਉਪਰੰਤ ਨਗਰ ਕੀਰਤਨ ਨਵੀਂ ਦਾਣਾ ਮੰਡੀ ਵਿਖੇ ਸਥਿਤ ਜੰਗ ਸਿੰਘ ਭਵਨ ਵੱਲ ਰਵਾਨਾ ਹੋਇਆ। ਜੰਗ ਸਿੰਘ ਭਵਨ ਪਹੁੰਚਣ ਤੇ ਪੱਤੀ ਪੁਜਾਰੀਆਂ ਅਤੇ ਨਵੀਂ ਦਾਣਾ ਮੰਡੀ ਦੇ ਨੁਮਾਇੰਦਿਆਂ ਵੱਲੋਂ ਨਗਰ ਕੀਰਤਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਿਰਪਾਉ ਭੇਟ ਕੀਤੇ ਗਏ, ਚਾਹ ਦਾ ਲੰਗਰ ਛਕਾਇਆ ਗਿਆ ਤੇ ਸ੍ਰੀ ਮੁਕਤਸਰ ਸਾਹਿਬ ਦੀ ਸੰਗਤ ਵੱਲੋਂ ਨਗਰ ਕੀਰਤਨ ਨੂੰ ਯੋਗ ਸਨਮਾਨ ਦਿੱਤਾ ਗਿਆ। ਇਸ ਤੋਂ ਬਾਅਦ ਪੰਜ ਪਿਆਰਿਆਂ ਤੇ ਪਾਲਕੀ ਸਾਹਿਬ ਦੀ ਅਗਵਾਈ ਹੇਠ ਨਗਰ ਕੀਰਤਨ ਪੈਦਲ ਚੱਲ ਪਿਆ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਹੁੰਚਿਆ। ਮਾਤਾ ਭਾਗ ਕੌਰ ਜੀ ਦੀ ਯਾਦ ’ਚ ਗੁਰਦੁਆਰਾ ਮਾਤਾ ਭਾਗ ਕੌਰ ਜੀ ਵਿਖੇ ਵਿਸ਼ੇਸ਼ ਅਰਦਾਸ ਸਮਾਗਮ ਕਰਵਾਇਆ ਗਿਆ। ਅਰਦਾਸ ਉਪਰੰਤ ਨਗਰ ਕੀਰਤਨ ਨੇ ਰਾਤ ਦਾ ਵਿਸ਼ਰਾਮ ਜੰਗ ਸਿੰਘ ਭਵਨ ਵਿਖੇ ਕੀਤਾ। ਅਗਲੇ ਦਿਨ ਸਵੇਰੇ 8 ਵਜ੍ਹੇ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਰਵਾਨਾ ਹੋ ਗਈ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।