ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਤੋਂ

ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ : ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਤੋਂ ਆਮ ਲੋਕਾਂ ਨੂੰ ਬਿਲਕੁਲ ਵਾਂਝੇ ਕਰਨ ਅਤੇ ਸਿਹਤ ਸੇਵਾਵਾਂ ਦਾ ਖੇਤਰ ਨਿੱਜੀ ਹੱਥਾਂ ਵਿਚ ਦੇਣ ਦੀਆਂ ਚਾਲਾਂ ਵਿਰੁੱਧ ਮੋਗਾ ਵਿਖੇ ਡਾ. ਗਗਨਦੀਪ ਸਿੰਘ ਮੋਗਾ ਸੇਵਾਮੁਕਤ ਐੱਸਐੱਮਓ, ਡਾ. ਇੰਦਰਵੀਰ ਗਿੱਲ ਸੇਵਾਮੁਕਤ ਐੱਸਐੱਮਓ ਅਤੇ ਕੁਲਬੀਰ ਸਿੰਘ ਢਿੱਲੋਂ ਪੈਰਾ ਮੈਡੀਕਲ ਆਗੂ ਦੀ ਅਗਵਾਈ ਵਿਚ ਇੱਥੇ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿਚ ਸਿਹਤ ਸੇਵਾਵਾਂ ਵਿਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਤੋਂ ਬਿਨਾਂ ਹੋਰ ਵੀ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਪੀਪੀਪੀ ਮੋਡ ਤਹਿਤ ਨਿੱਜੀਕਰਨ ਦੀ ਪ੍ਰਕਿਰਿਆ ਸਰਕਾਰ ਵੱਲੋਂ ਤੇਜ਼ ਕਰਨ ਦੀ ਚਰਚਾ ਹੈ। ਜਿਸ ਤਹਿਤ ਪਹਿਲਾਂ ਮੋਗਾ, ਫਿਰੋਜ਼ਪੁਰ, ਰਾਜਪੁਰਾ, ਗੁਰਦਾਸਪੁਰ ਅਤੇ ਮੂਨਕ ਦੇ ਸਿਵਲ ਹਸਪਤਾਲਾਂ ਨੂੰ ਨਿੱਜੀ ਖੇਤਰ ਵਿਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਅਤੇ ਸੰਗਰੂਰ ਦੇ ਵਿਚ ਖੋਲ੍ਹੇ ਜਾਣ ਵਾਲੇ ਨਵੇਂ ਮੈਡੀਕਲ ਕਾਲਜਾਂ ਨੂੰ ਵੀ ਨਿੱਜੀ ਖੇਤਰ ਰਾਹੀਂ ਲਿਆਉਣ ਦੀ ਚਰਚਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਤੇ ਕੁੱਲ ਬਜਟ ਦਾ 2 ਫ਼ੀਸਦੀ ਤੋਂ ਵੀ ਘੱਟ ਖਰਚ ਕੀਤਾ ਜਾ ਰਿਹਾ ਹੈ ਇੰਨੇ ਘੱਟ ਬਜਟ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਕਿਵੇਂ ਦਿੱਤੀਆਂ ਜਾ ਸਕਦੀਆਂ ਹਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਸਿਹਤ ਸੇਵਾਵਾਂ ਤੇ ਕੁੱਲ ਬਜਟ ਦਾ ਘੱਟੋ ਘੱਟ 6 ਫ਼ੀਸਦੀ ਖਰਚ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਹੜੀ ਇਹ ਨਿੱਜੀਕਰਨ ਦੀ ਪ੍ਰਕਿਰਿਆ ਸਰਕਾਰ ਸ਼ੁਰੂ ਚਾਹੁੰਦੀ ਹੈ, ਇਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਇਸ ਮੀਟਿੰਗ ਵਿਚ ਉਪਰੋਕਤ ਸਾਰੇ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ 'ਸਿਹਤ ਸੇਵਾਵਾਂ ਬਚਾਓ ਸੰਘਰਸ਼ ਕਮੇਟੀ ਮੋਗਾ ਦਾ ਗਠਨ ਕੀਤਾ ਗਿਆ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 28 ਨਵੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 10:30 ਵਜੇ ਮੋਗਾ ਵਿਖੇ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕਨਵੈਨਸ਼ਨ ਕਰਨ ਉਪਰੰਤ ਬਾਜ਼ਾਰ ਵਿੱਚ ਮੁਜ਼ਾਹਰਾ ਕੀਤਾ ਜਾਏਗਾ।
ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਫੀਲਡ ਅਫਸਰ ਸ੍ਰੀ ਗਗਨਦੀਪ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਚੁਣੀ ਗਈ ਕਮੇਟੀ ਵਿਚ ਡਾ. ਗਗਨਦੀਪ ਸਿੰਘ ਮੋਗਾ ਨੂੰ ਕਨਵੀਨਰ, ਕੁਲਬੀਰ ਸਿੰਘ ਢਿੱਲੋਂ ਡਾ. ਇੰਦਰਵੀਰ ਗਿੱਲ ਅਤੇ ਡਾ. ਗਗਨਦੀਪ ਸਿੰਘ ਸਿੱਧੂ ਕੋ-ਕਨਵੀਨਰ, ਰਘਬੀਰ ਸਿੰਘ ਜਨਰਲ ਸਕੱਤਰ, ਸੁਰਿੰਦਰਪਾਲ ਸਿੰਘ ਸਕੱਤਰ, ਜਸਵਿੰਦਰ ਸਿੰਘ ਕੈਸ਼ੀਅਰ, ਸੰਦੀਪ ਕੌਰ ਸਹਾਇਕ ਕੈਸ਼ੀਅਰ, ਡਾ. ਉਪਿੰਦਰ ਸਿੰਘ ਪ੍ਰੈੱਸ ਸਕੱਤਰ, ਪਰਮਿੰਦਰ ਸਿੰਘ ਹਰਦੀਪ ਸਿੰਘ ਅਤੇ ਚਮਕੌਰ ਸਿੰਘ ਇਨਚਾਰਜ ਆਈਟੀ ਸੈੱਲ ਸਰਬਸੰਮਤੀ ਨਾਲ ਚੁਣੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਵੱਲੋਂ ਡਾ. ਸਿਮਰਨ ਧਾਲੀਵਾਲ ਪੀਸੀਐੱਮਐੱਸ ਆਗੂ, ਡਾ ਅਰਬਾਜ਼ ਗਿੱਲ, ਪੀਸੀਐੱਮਐੱਸ ਆਗੂ ਗੁਰਜੀਤ ਕੌਰ ਦਵਿੰਦਰ ਸਿੰਘ ਗੁਰਅਮਰਪ੍ਰੀਤ ਸਿੰਘ, ਕਰਮਜੀਤ ਸਿੰਘ ਮਾਣੂੰਕੇ ਆਗੂ ਨੌਜਵਾਨ ਭਾਰਤ ਸਭਾ, ਕਾਮਰੇਡ ਕੁਲਦੀਪ ਸਿੰਘ ਭੋਲਾ ਗਿਲਾ ਸਕੱਤਰ ਸੀਪੀਆਈ, ਜਗਸੀਰ ਸਿੰਘ ਖੋਸਾ ਸਕੱਤਰ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ, ਇੰਜੀਨੀਅਰ ਸਵਰਨ ਸਿੰਘ ਖੋਸਾ ਐਪਸੋ ਆਗੂ, ਮਾਸਟਰ ਪ੍ਰੇਮ ਸਿੰਘ ਆਗੂ ਪੰਜਾਬ ਪੈਨਸ਼ਨਰ ਐਸੋਸੀਏਸ਼ਨ, ਅਮਰਦੀਪ ਸਿੰਘ, ਜਗਰੂਪ ਸਿੰਘ ਢੁੱਡੀਕੇ, ਨਵਦੀਪ ਕੌਰ, ਰਜਿੰਦਰ ਕੌਰ, ਰਾਜ ਕੁਮਾਰ, ਹਰਬੰਸ ਸਾਗਰ, ਡਾ ਹਰਨੇਕ ਸਿੰਘ ਰੋਡੇ, ਜਸਵਿੰਦਰ ਸਿੰਘ ਮਟਵਾਣੀ ਸੇਵਾਮੁਕਤ ਸੁਪਰਡੈਂਟ, ਸਾਹਿਲ ਕੁਮਾਰ ਆਦਿ ਆਗੂ ਕਮੇਟੀ ਮੈਂਬਰ ਚੁਣੇ ਗਏ।