ਸੜਕਾਂ ’ਤੇ ਲੱਗੀਆਂ ਲਾਈਟਾਂ ਜਿਆਦਾਤਰ ਖਰਾਬ

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਠੰਡ ਦਾ ਜੋਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਤੇ ਇਸ ਦਰਮਿਆਨ ਆਉਣ ਵਾਲੇ ਦਿਨਾਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਸੰਘਣੀ ਧੁੰਦ ਪੈਣ ਕਰਕੇ ਦਿਖਣ ਹੱਦ ਸਿਫਰ ਰਹਿ ਜਾਂਦੀ ਹੈ ਤੇ ਅਜਿਹੇ ’ਚ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਧੁੰਦ ਪੈਣ ਦੌਰਾਨ ਸਵੇਰ ਤੇ ਸ਼ਾਮ ਵੇਲੇ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਵਾਹਨ ਚਲਾਉਣ ਤੇ ਦੇਖਣ ’ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ। ਅਜਿਹੇ ’ਚ ਸੜਕਾਂ ’ਤੇ ਲੱਗੀਆਂ ਲਾਈਟਾਂ ਦਾ ਚਾਲੂ ਹਾਲਤ ’ਚ ਹੋਣਾ ਬੇਹੱਦ ਜਰੂਰੀ ਹੋ ਜਾਂਦਾ ਹੈ ਤਾਂ ਜੋ ਸਵੇਰ ਤੇ ਸ਼ਾਮ ਵੇਲੇ ਧੁੰਦ ਪੈਣ ਦਰਮਿਆਨ ਵਾਹਨ ਚਾਲਕਾਂ ਨੂੰ ਦੇਖਣ ’ਚ ਦਿੱਕਤ ਪੈਦਾ ਨਾ ਹੋਵੇ।
ਸ਼ਹਿਰ ਦੀਆਂ ਕਈ ਸੜਕਾਂ ’ਤੇ ਲੱਗੀਆਂ ਲਾਈਟਾਂ ਬੰਦ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਨੈਸ਼ਨਲ ਹਾਈਵੇ ਤੇ ਹੋਰਨਾਂ ਸੜਕਾਂ ’ਤੇ ਲੱਗੀਆਂ ਲਾਈਟਾਂ ਜਿਆਦਾਤਰ ਖਰਾਬ ਪਈਆਂ ਹਨ ਜੋ ਕਿ ਕਦੇ ਕਦਾਈਂ ਹੀ ਜਗਦੀਆਂ ਹਨ। ਇਨ੍ਹਾਂ ਤੋਂ ਜਿਆਦਾ ਸੜਕਾਂ ’ਤੇ ਤਾਂ ਲਾਈਟਾਂ ਬਿਲਕੁੱਲ ਹੀ ਬੰਦ ਪਈਆਂ ਹਨ ਤੇ ਕਈਆਂ ਸੜਕਾਂ ’ਤੇ ਲਾਈਟਾਂ ਲੱਗੀਆਂ ਹੀ ਨਹੀਂ ਹਨ ਇਸ ਤੋਂ ਇਲਾਵਾ ਸ਼ਹਿਰ ਦੇ ਕਈ ਗਲੀ ਮੁਹੱਲਿਆਂ ’ਚ ਲੱਗੀਆਂ ਸਟਰੀਟ ਲਾਈਟਾਂ ਵੀ ਚਾਲੂ ਹਾਲਤ ’ਚ ਨਹੀਂ ਹਨ ਜਿਸ ਕਰਕੇ ਸ਼ਾਮ ਪੈਂਦਿਆਂ ਹੀ ਸ਼ਹਿਰ ਅੰਦਰ ਕਈ ਥਾਵਾਂ ’ਤੇ ਬਿਲਕੁੱਲ ਹਨੇਰਾ ਛਾ ਜਾਂਦਾ ਹੈ ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਸੰਘਣੀ ਧੁੰਦ ਪੈਣ ਦੇ ਚਲਦਿਆਂ ਵਾਹਨ ਚਾਲਕਾਂ ਤੇ ਰਾਹੀਗਰਾਂ ਨੂੰ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰ ਦੇ ਅਬੋਹਰ ਰੋਡ, ਮੌੜ ਰੋਡ, ਜਲਾਲਾਬਾਦ ਰੋਡ, ਬੱਸ ਸਟੈਂਡ ਤੋਂ ਗੋਨਿਆਣਾ ਰੋਡ, ਮੇਨ ਗੋਨਿਆਣਾ ਰੋਡ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਕਈ ਗਲੀਆਂ ਤੇ ਮੁਹੱਲਿਆਂ ’ਚ ਜਾਂ ਤਾਂ ਲਾਈਟਾਂ ਲੱਗੀਆਂ ਹੀ ਨਹੀਂ ਹਨ ਜੇ ਲੱਗੀਆਂ ਹਨ ਤਾਂ ਉਹ ਬੰਦ ਪਈਆਂ ਹਨ। ਸ਼ਹਿਰ ਵਾਸੀਆਂ ਰਾਮ ਵਿਲਾਸ, ਦਰਸ਼ਨ ਸਿੰਘ, ਮੇਹਰ ਸਿੰਘ, ਦਵਿੰਦਰ ਸਿੰਘ, ਨਿਰਮਲ ਸਿੰਘ, ਪੱਪੂ ਸਿੰਘ, ਜਗਦੀਸ਼ ਸਿੰਘ, ਮਨਜੀਤ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਵੈਸੇ ਤਾਂ ਸੜਕਾਂ ’ਤੇ ਲੱਗੀਆਂ ਲਾਈਟਾਂ ਦਾ ਚਾਲੂ ਹਾਲਤ ’ਚ ਹੋਣਾ ਬੇਹੱਦ ਜਰੂਰੀ ਹੈ ਪਰ ਸੰਘਣੀ ਧੁੰਦ ਪੈਣ ਵਾਲੇ ਦਿਨਾਂ ’ਚ ਤਾਂ ਇਨ੍ਹਾਂ ਨੂੰ ਚੱਲਦੇ ਰੱਖਣਾ ਹੋਰ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਇੱਕ ਤਾਂ ਸੰਘਣੀ ਧੁੰਦ ਪੈਣ ਕਰਕੇ ਵੈਸੇ ਹੀ ਘੱਟ ਦਿਖਾਈ ਦਿੰਦਾ ਹੈ ਉਪਰੋਂ ਜੇਕਰ ਸਟਰੀਟ ਲਾਈਟਾਂ ਵੀ ਬੰਦ ਹੋਣ ਤਾਂ ਸ਼ਾਮ ਵੇਲੇ ਬਿਲਕੁੱਲ ਹਨੇਰਾ ਪਸਰ ਜਾਂਦਾ ਹੈ ਜਿਸ ਕਰਕੇ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਦੇਖਣ ’ਚ ਪ੍ਰੇਸ਼ਾਨੀ ਆਉਂਦੀ ਹੈ ਤੇ ਅਜਿਹੇ ’ਚ ਹਾਦਸੇ ਵਾਪਰਨ ਦੀ ਸੰਭਾਵਨਾ ਵੀ ਬਰਕਰਾਰ ਰਹਿੰਦੀ ਹੈ। ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਲੋਕਾਂ ਨੇ ਮੰਗ ਕੀਤੀ ਹੈ ਕਿ ਮੇਨ ਸੜਕਾਂ ਤੇ ਗਲੀਆਂ ਮੁਹੱਲਿਆਂ ’ਚ ਲੱਗੀਆਂ ਸਟਰੀਟ ਲਾਈਟਾਂ ਨੂੰ ਜਲਦੀ ਠੀਕ ਕੀਤਾ ਜਾਵੇ ਤੇ ਜਿੱਥੇ ਲਾਈਟਾਂ ਨਹੀਂ ਲੱਗੀਆਂ ਹਨ ਉਥੇ ਜਲਦ ਲਾਈਟਾਂ ਲਗਾਈਆਂ ਜਾਣ ਤਾਂ ਜੋ ਆਉਣ ਵਾਲੇ ਦਿਨਾਂ ’ਚ ਸੰਘਣੀ ਧੁੰਦ ਪੈਣ ਦੇ ਚਲਦਿਆਂ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਮੁਸ਼ਕਿਆਂ ਦਾ ਸਾਹਮਣਾ ਨਾ ਕਰਨਾ ਪਵੇ।