ਸ਼ਨੀਵਾਰ ਨੂੰ ਮੋਗਾ ਜ਼ਿਲ੍ਹਾ

ਟ੍ਰੈਫਿਕ ਪੁਲਿਸ ਨੇ ਰਾਹਗੀਰਾਂ ਲਈ ਐਡਵਾਈਜ਼ਰੀ ਕੀਤੀ ਜਾਰੀ
ਰਾਹਗੀਰਾਂ ਨੂੰ ਪ੍ਰਸ਼ਾਸਨ ਦੀ ਅਪੀਲ, ਵਾਹਨਾਂ ਦੀ ਰੱਖਣ ਲਿਮਟ ਸਪੀਡ, ਫੌਗ ਲਾਈਟਾਂ ਜਗ੍ਹਾ ਕਿ ਚੱਲਣ ਦੇ ਆਦੇਸ਼
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਸ਼ਨੀਵਾਰ ਨੂੰ ਮੋਗਾ ਜ਼ਿਲ੍ਹਾ ਸੰਘਣੀ ਧੁੰਦ ਦੀ ਚਾਦਰ ਵਿਚ ਲਿਪਟਿਆ ਨਜ਼ਰ ਆਇਆ, 12 ਵਜੇ ਤੱਕ ਜ਼ਿਲ੍ਹੇ ਦੇ ਕਈ ਹਾਈਵੇ ਅਤੇ ਲਿੰਕ ਸੜਕਾਂ ’ਤੇ ਸੱਨਾਟਾ ਨਜ਼ਰ ਆਇਆ। ਇਸ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਰੋਜ਼ਮਰ੍ਹਾ ਦੇ ਕੰਮਕਾਜ ਆਮ ਦਿਨਾਂ ਤੋਂ ਮੱਧਮ ਨਜ਼ਰ ਆਏ। ਧੁੰਦ ਦੀ ਸੰਘਣੀ ਚਾਦਰ ਕਾਰਨ ਦਪੁਹਿਰ ਤੱਕ ਵਿਜ਼ੀਬਿਲਟੀ ਜ਼ੀਰੋ ਰਹੀ। ਧੁੰਦ ਦਾ ਕਹਿਰ ਇਸ ਕਦਰ ਦਿਖਿਆ ਕਿ ਸੌ ਮੀਟਰ ਤੱਕ ਵਿਜ਼ੀਬਿਲਟੀ ਜ਼ੀਰੋ ਹੋਣ ਕਾਰਨ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਵਾਹਨ ਚਾਲਕ ਆਪਣੇ ਵਾਹਨਾਂ ਦੀਆਂ ਲਾਈਟਾਂ ਜਗ੍ਹਾ ਕਿ ਆਪਣੀ ਮੰਜ਼ਿਲ ਵੱਲ ਵਧਦੇ ਦੇਖੇ ਗਏ। ਦੁਪਹਿਰ 12 ਵਜੇ ਤੱਕ ਜ਼ਿਲ੍ਹੇ ਦੇ ਜ਼ਿਆਦਾਤਰ ਹਾਈਵੇ ਅਤੇ ਲਿੰਕ ਸੜਕਾਂ ਚੁੰਨ੍ਹੀਆਂ ਨਜ਼ਰ ਆਈਆਂ। ਧੁੰਦ ਕਾਰਨ ਲੋਕਾਂ ਨੇ ਆਪਣੇ ਰੋਜ਼ਾਨਾ ਦੇ ਕੰਮਕਾਜਾਂ ਨੂੰ ਰੋਕੀ ਰੱਖਿਆ। ਧੁੰਦ ਕਾਰਨ ਹੋ ਸੜਕੀ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਅਤੇ ਰਾਹਗੀਰਾਂ ਨੂੰ ਭਾਵੁਕ ਅਪੀਲ ਕਰਦਿਆਂ ਵਾਹਨਾਂ ਦੀ ਗਤੀ ਧੀਮੀ ਰੱਖਣ ਲਈ ਕਿਹਾ ਹੈ। ਜ਼ਿਲ੍ਹਾ ਟ੍ਰੈਫਿਕ ਇੰਚਾਰਜ਼ ਇੰਸਪੈਕਟਰ ਸੁਖਮੰਦਰ ਸਿੰਘ ਨੇ ਕਿਹਾ ਕਿ ਅਜਿਹੇ ਮੌਸਮ ਵਿਚ ਸੜਕ ਹਾਦਸਿਆਂ ਤੋਂ ਬਚਣ ਲਈ ਆਪਣੇ ਵਾਹਨਾਂ ਨੂੰ ਘੱਟ ਰਫ਼ਤਾਰ ਨਾਲ ਚਲਾਇਆ ਜਾਵੇ ਅਤੇ ਫੌਗ ਲਾਈਟਾਂ ਜਗ੍ਹਾ ਕਿ ਰੱਖੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਜ਼ਰੂਰੀ ਰੁਝੇਵਾਂ ਹੈ ਤਾਂ ਘਰ ਤੋਂ ਕੁਝ ਪਹਿਲਾਂ ਤੁਰਿਆ ਜਾਵੇ ਅਤੇ ਵਾਹਨਾਂ ਦੁ ਰਫ਼ਤਾਰ ਘੱਟ ਰੱਖੀ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਾਅ ਰਹੇ। ਇੰਸਪੈਕਟਰ ਸੁਖਮੰਦਰ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਵਾਹਨ ਪਾਰਕਿੰਗ ਕਰਨ ਸਮੇਂ ਪਾਰਕਿੰਗ ਲਾਈਟਾਂ ਜਗ੍ਹਾ ਕਿ ਰੱਖੀਆਂ ਜਾਣ। ਉਨ੍ਹਾਂ ਕਿਹਾ ਨੈਸ਼ਨਲ ਹਾਈਵੇ ਤੇ ਵਾਹਨ ਪਾਰਕਿੰਗ ਕਰਨ ਲਈ ਸੁਰੱਖਿਅਤ ਜਗ੍ਹਾ ਤੇ ਹੀ ਵਾਹਨ ਪਾਰਕਿੰਗ ਕੀਤਾ ਜਾਵੇ।
----
21 ਜਨਵਰੀ ਤੱਕ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਮੌਸਮ ਵਿਭਾਗ ਅਤੇ ਮੌਸਮ ਮਾਹਿਰਾਂ ਵੱਲੋਂ ਜ਼ਿਲ੍ਹੇ ਵਿਚ ਸੰਘਣੀ ਧੁੰਦ ਦੇ ਕੀਤੇ ਆਲਰਟ ਕਾਰਕ ਮੌਸਮ 21 ਜਨਵਰੀ ਤੱਕ ਇਸੇ ਤਰ੍ਹਾਂ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਆਉਂਦੇ ਦਿਨਾਂ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ’ਤੇ ਤੇਜ਼ ਹਵਾਵਾਂ ਦਾ ਵਗ੍ਹਣਾ ਇਸੇ ਤਰ੍ਹਾਂ ਜਾਰੀ ਰਹੇਗਾ।
----
ਦਿਹਾੜੀਦਾਰ ਕਾਮਿਆਂ ਲਈ ਮੁਸੀਬਤ ਬਣੀ ਧੁੰਦ
ਇਸ ਸੰਘਣੀ ਧੁੰਦ ਕਾਰਨ ਜਿੱਥੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਹੈ, ਉੱਥੇ ਇਸ ਸੰਘਣੀ ਧੁੰਦ ਕਾਰਨ ਦਿਹਾੜੀਦਾਰ ਮਜ਼ਦੂਰ ਵੀ ਵਿਹਲੇ ਬਿਠਾ ਦਿੱਤੇ ਹਨ। ਮਜ਼ਦੂਰ ਬਿੰਦਰ ਸਿੰਘ, ਪਾਲ ਸਿੰਘ, ਗੁਲਵੰਤ ਸਿੰਘ ਅਤੇ ਬਿਸ਼ਨੂ ਨਾਥ ਨੇ ਕਿਹਾ ਕਿ ਇਸ ਧੁੰਦ ਦੇ ਮੌਸਮ ਦੌਰਾਨ ਕੰਮ ਵੀ ਨਹੀਂ ਮਿਲ ਰਿਹਾ। ਪਿਛਲੇ ਕਈ ਤੋਂ ਕੰਮ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਚੱਲਣਾ ਬੜਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰੋਜ਼ ਦੀ ਦਿਹਾੜੀ ਨਾਲ ਘਰ ਦਾ ਗੁਜ਼ਾਰਾ ਕਰਦੇ ਹਾਂ ਪਰ ਇਕ ਹਫ਼ਤੇ ਦੇ ਕਰੀਬ ਹੋ ਗਿਆ ਹੈ ਕੰਮ ਨਹੀਂ ਮਿਲਿਆ।