ਬਾਟਮ)----ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਲਈ ਮੋਟਰਸਾਈਕਲ ਰੈਲੀ ਕੱਢੀ, 100 ਤੋਂ ਵੱਧ ਡਿਲੀਵਰੀ ਮੈਨ ਬਣੇ ਸਹਾਇਕ
ਮੋਗਾ ਅੰਦਰ ਵਧ ਰਹੇ ਸੜਕ
Publish Date: Wed, 07 Jan 2026 06:02 PM (IST)
Updated Date: Thu, 08 Jan 2026 04:06 AM (IST)

* ਸੜਕ ਸੁਰੱਖਿਆ ਲਈ ਮੋਗਾ ਪੁਲਿਸ ਦਾ ਵੱਡਾ ਉਪਰਾਲਾ ਮੋਗਾ ਦੇ ਮੇਨ ਚੌਂਕ ਵਿਚ ਡਿਲੀਵਰੀ ਮੈਨ ਬਣੇ ਸਹਾਇਕਾਂ ਨੂੰ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਮੋਗਾ ਅੰਦਰ ਵਧ ਰਹੇ ਸੜਕ ਹਾਦਸਿਆਂ ’ਤੇ ਰੋਕ ਲਗਾਉਣ ਅਤੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਮੋਗਾ ਪੁਲਿਸ ਵੱਲੋਂ ਇਕ ਵਿਸ਼ੇਸ਼ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਸੜਕ ਸੁਰੱਖਿਆ , ਜੀਵਨ ਸੁਰੱਖਿਆ ਦੇ ਨਾਅਰੇ ਨਾਲ ਕੱਢੀ ਗਈ, ਜਿਸਦਾ ਮਕਸਦ ਲੋਕਾਂ ਨੂੰ ਸੁਰੱਖਿਅਤ ਯਾਤਰਾ ਵੱਲ ਪ੍ਰੇਰਿਤ ਕਰਨਾ ਸੀ। ਇਹ ਮੋਟਰਸਾਈਕਲ ਰੈਲੀ ਐੱਸਐੱਸਪੀ ਮੋਗਾ ਅਜੈ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਅਤੇ ਡੀਐੱਸਪੀ ਟ੍ਰੈਫਿਕ ਮੋਗਾ ਦੀ ਅਗਵਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਅਤੇ ਟ੍ਰੈਫਿਕ ਸਟਾਫ ਮੋਗਾ ਵੱਲੋਂ ਕੱਢੀ ਗਈ। ਰੈਲੀ ਵਿਚ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਦੇ ਕਰੀਬ 100 ਡਿਲੀਵਰੀ ਮੈਨਾਂ ਨੇ ਭਾਗ ਲਿਆ। ਇਸ ਮੌਕੇ ਰੈਲੀ ਨੂੰ ਮੇਨ ਚੌਕ ਮੋਗਾ ਤੋਂ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦੀ ਹੋਈ ਮੇਨ ਬਾਜ਼ਾਰ ਮੋਗਾ ਤੱਕ ਪਹੁੰਚੀ। ਇਸ ਦੌਰਾਨ ਡਿਲੀਵਰੀ ਮੈਨਾਂ ਨੂੰ ਟੀ-ਸ਼ਰਟਾਂ, ਟੋਪੀਆਂ ਅਤੇ ਬੈਚ ਲਗਾ ਕੇ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਨੂੰ ਹੈਲਮੈਟ ਪਹਿਨਣ, ਸੀਟ ਬੈਲਟ ਲਗਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਹੀ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਬਣਦੀ ਹੈ। ਸੜਕ ਸੁਰੱਖਿਆ ਸਿਰਫ ਪੁਲਿਸ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਹੋਰ ਕਿਹਾ ਕਿ ਡਿਲੀਵਰੀ ਮੈਨ ਸ਼ਹਿਰ ਦੀਆਂ ਸੜਕਾਂ ’ਤੇ ਲਗਾਤਾਰ ਗਤੀਸ਼ੀਲ ਰਹਿੰਦੇ ਹਨ, ਇਸ ਲਈ ਉਹ ਟ੍ਰੈਫਿਕ ਜਾਗਰੂਕਤਾ ਟੀਮ ਵਜੋਂ ਹਾਦਸਿਆਂ ਨੂੰ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉੱਥੇ ਹੀ ਰੈਲੀ ਵਿਚ ਸ਼ਾਮਲ ਵੱਖ-ਵੱਖ ਡਿਲੀਵਰੀ ਮੈਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਧੁੰਦ ਅਤੇ ਭਾਰੀ ਟ੍ਰੈਫਿਕ ਕਾਰਨ ਰੋਜ਼ਾਨਾ ਕੀਮਤੀ ਜਾਨਾਂ ਜਾ ਰਹੀਆਂ ਹਨ। ਅਜਿਹੇ ਸਮੇਂ ਵਿਚ ਪੁਲਿਸ ਵੱਲੋਂ ਚਲਾਈ ਗਈ ਇਹ ਮੁਹਿੰਮ ਲੋਕਾਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਮੋਗਾ ਪੁਲਿਸ ਵੱਲੋਂ ਕੱਢੀ ਗਈ ਇਸ ਮੋਟਰਸਾਈਕਲ ਰੈਲੀ ਰਾਹੀਂ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਸੜਕ ਹਾਦਸਿਆਂ ’ਤੇ ਰੋਕ ਲਗਾਈ ਜਾ ਸਕਦੀ ਹੈ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।