ਮਨੋਰੰਜਨ ਮੇਲੇ ’ਚ ਮੇਲੀਆਂ ਨੇ ਲਾਈਆਂ ਰੌਣਕਾਂ
ਮਨੋਰੰਜਨ ਮੇਲੇ ’ਚ ਮੇਲੀਆਂ ਨੇ ਲਾਈਆਂ ਰੌਣਕਾਂ
Publish Date: Wed, 14 Jan 2026 08:30 PM (IST)
Updated Date: Wed, 14 Jan 2026 08:33 PM (IST)

ਭੰਵਰਾ\ਗਿੱਲ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੇਲਾ ਮਾਘੀ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੇ ਮਲੋਟ ਰੋਡ ’ਤੇ ਮਨੋਰੰਜਨ ਮੇਲਾ ਲਗਾਇਆ ਗਿਆ ਹੈ। ਮਨੋਰੰਜਨ ਮੇਲੇ ’ਚ ਵੱਡੀ ਗਿਣਤੀ ’ਚ ਪਹੁੰਚੇ ਮੇਲੀਆਂ ਨੇ ਪੂਰਾ ਦਿਨ ਰੌਣਕਾਂ ਲਗਾਈ ਰੱਖੀਆਂ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸੰਗਤਾਂ ਮਲੋਟ ਰੋਡ ’ਤੇ ਪਹੁੰਚੀਆਂ ਤੇ ਮਨੋਰੰਜਨ ਮੇਲੇ ਦਾ ਆਨੰਦ ਮਾਣਿਆ। ਬੱਚਿਆਂ ਨੇ ਚੰਡੋਲਾਂ, ਝੂਲਿਆਂ ’ਤੇ ਝੂਟੇ ਲਏ ਇਸ ਤੋਂ ਇਲਾਵਾ ਮੌਤ ਦਾ ਖੂਹ, ਭੂਤ ਬੰਗਲਾ ਤੇ ਹੋਰ ਮਨੋਰੰਜਨ ਸ਼ੋਆਂ ਦਾ ਖੂਬ ਆਨੰਦ ਮਾਣਿਆ। ਇਸ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਨੇ ਮਲੋਟ ਰੋਡ ’ਤੇ ਲੱਗੀਆਂ ਸਟਾਲਾਂ ਤੇ ਦੁਕਾਨਾਂ ਤੋਂ ਪੂਰਾ ਦਿਨ ਖਰੀਦੋ ਫ਼ਰੋਖਤ ਕੀਤੀ। ਸ਼ਹਿਰ ’ਚ ਜਗ੍ਹਾ ਜਗ੍ਹਾ ’ਤੇ ਵੱਖ ਵੱਖ ਕੰਪਨੀਆਂ ਦੁਆਰਾ ਸਟਾਲਾਂ ਤੇ ਪ੍ਰਦਰਰਸ਼ਨੀਆਂ ਲਗਾਈਆਂ ਗਈਆਂ ਸਨ। ਮਲੋਟ ਰੋਡ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਬਜਾਰਾਂ ਆਦਿ ’ਚ ਵੀ ਖੂਬ ਰੌਣਕ ਦੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਮੇਲਾ ਮਾਘੀ ’ਤੇ ਦੁਨੀਆਂ ਭਰ ਤੋਂ ਲੱਖਾਂ ਸ਼ਰਧਾਲੂ ਜਿੱਥੇ ਸ੍ਰੀ ਦਰਬਾਰ ਸਾਹਿਬ ਤੇ ਹੋਰਨਾਂ ਗੁਰੂ ਘਰਾਂ ’ਚ ਨਤਮਸਤਕ ਹੁੰਦੇ ਹਨ ਉਥੇ ਹੀ ਮਨੋਰੰਜਨ ਮੇਲੇ ਦਾ ਵੀ ਆਨੰਦ ਮਾਣਦੇ ਹਨ। ਮਾਘੀ ਵਾਲੇ ਦਿਨ ਲੱਗੀ ਲੋਕਾਂ ਦੀ ਵੱਡੀ ਭੀੜ ਜਿੱਥੇ ਸ਼ਰਧਾ ਦਾ ਪ੍ਰਗਟਾਵਾ ਕਰਦੀ ਹੈ ਉਥੇ ਹੀ ਬੱਚੇ ਤੇ ਨੌਜਵਾਨ ਮਨੋਰੰਜਨ ਮੇਲੇ ਦਾ ਸ਼ਿੰਗਾਰ ਬਣਦੇ ਹਨ। ਜਗ੍ਹਾ ਜਗ੍ਹਾ ’ਤੇ ਲਗਾਏ ਗਏ ਲੰਗਰ ਮੇਲਾ ਮਾਘੀ ਨੂੰ ਲੈ ਕੇ ਸ਼ਹਿਰ ਵਾਸੀਆਂ ਤੇ ਪਿੰਡਾਂ ਦੇ ਲੋਕਾਂ ਵੱਲੋਂ ਪਿੰਡਾਂ ਤੋਂ ਸ਼ਹਿਰ ਆਉਣ ਵਾਲੀਆਂ ਸੜਕਾਂ ਤੋਂ ਇਲਾਵਾ ਸ਼ਹਿਰ ਅੰਦਰ ਜਗ੍ਹਾ ਜਗ੍ਹਾ ’ਤੇ ਲੰਗਰ ਲਗਾਏ ਗਏ। ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਕੋਟਲੀ ਸੰਘਰ ਦੀ ਸੰਗਤ ਵੱਲੋਂ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਦਾ ਲੰਗਰ, ਝਬੇਲਵਾਲੀ ਅੱਡੇ ’ਤੇ ਦਾਲ ਫੁਲਕੇ ਦਾ ਲੰਗਰ ਤੇ ਪਿੰਡ ਝਬੇਲਵਾਲੀ ਦ ਸੰਗਤ ਵੱਲੋਂ ਵੀ ਚਾਹ ਦਾ ਲੰਗਰ ਲਗਾਇਆ ਗਿਆ। ਇਸ ਤੋਂ ਇਲਾਵਾ ਚੜੇਵਾਨ ਦੀ ਸੰਗਤ ਵੱਲੋਂ ਵੀ ਲੰਗਰ ਲਗਾਇਆ ਗਿਆ। ਸ਼ਹਿਰ ’ਚ ਵੱਖ ਵੱਖ ਸਮਾਜਸੇਵੀਆਂ ਤੇ ਸੰਗਤਾਂ ਨੇ ਲੰਗਰ ਲਗਾ ਕੇ ਮੇਲਾ ਮਾਘੀ ’ਤੇ ਪਹੁੰਚੇ ਸ਼ਰਧਾਲੂਆਂ ਦੀ ਸੇਵਾ ਕੀਤੀ।