‘ਅਸੀਂ ਹਾਰੇ ਨਹੀਂ’ ਪੁਸਤਕ ਲੋਕ ਅਰਪਣ
ਪ੍ਰਸਿੱਧ ਸ਼ਾਇਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ
Publish Date: Wed, 03 Dec 2025 03:56 PM (IST)
Updated Date: Thu, 04 Dec 2025 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਪ੍ਰਸਿੱਧ ਸ਼ਾਇਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਫਰੀਦਕੋਟ ਮਨਜੀਤ ਪੁਰੀ ਵੱਲੋਂ ਸੰਪਾਦਿਤ ਕੀਤੀ ਸੰਸਾਰ ਪ੍ਰਸਿੱਧ ਇਨਕਲਾਬੀ ਸ਼ਾਇਰ ਮਰਹੂਮ ਮਹਿੰਦਰ ਸਾਥੀ ਦੀ ਚੋਣਵੀਂ ਸ਼ਾਇਰੀ ਦੀ ਪੁਸਤਕ ‘ਅਸੀਂ ਹਾਰੇ ਨਹੀਂ’ ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਰਵਾਏ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਨਾਮਵਰ ਵਿਅੰਗਕਾਰ, ਨਾਵਲਕਾਰ ਕੇਐੱਲ ਗਰਗ, ਪ੍ਰਸਿੱਧ ਸ਼ਾਇਰ ਗੁਰਤੇਜ ਕੋਹਾਰਵਾਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ ਗੁਰਸੇਵਕ ਲੰਬੀ ਵੱਲੋਂ ਕੀਤੀ ਗਈ। ਮੰਚ ਦੇ ਸਰਪ੍ਰਸਤ ਗੁਰਮੀਤ ਕੜਿਆਲਵੀ ਨੇ ਮਨਜੀਤ ਪੁਰੀ ਵੱਲੋਂ ਲਿਖੇ ਪੇਪਰ ‘ਇਨਕਲਾਬੀ ਸ਼ਾਇਰ ਦੀ ਮੁਹੱਬਤੀ ਸੰਵੇਦਨਾ’ ਵਿਚੋਂ ਚੋਣਵੇਂ ਅੰਸ਼ ਸਰੋਤਿਆਂ ਨਾਲ ਸਾਂਝੇ ਕੀਤੇ। ਨਾਮਵਰ ਸ਼ਾਇਰ ਹਰਮੀਤ ਵਿਦਿਆਰਥੀ ਨੇ ਮਹਿੰਦਰ ਸਾਥੀ ਨਾਲ਼ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਮਹਿੰਦਰ ਸਾਥੀ ਮੁਹਾਜ਼ ਦਾ ਸ਼ਾਇਰ ਹੈ। ਉਸਦੀ ਸ਼ਾਇਰੀ ਚਿਰਾਂ ਤੱਕ ਸੰਘਰਸ਼ਸ਼ੀਲ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨਗੀ ਕਰ ਰਹੇ ਗੁਰਤੇਜ ਕੋਹਾਰਵਾਲਾ ਨੇ ਮਹਿੰਦਰ ਸਾਥੀ ਮੰਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੰਚ ਮਹਿੰਦਰ ਸਾਥੀ ਵਰਗੇ ਸਮਰੱਥ ਤੇ ਸਮਰਪਿਤ ਸ਼ਾਇਰ ਨੂੰ ਇਉਂ ਲੰਮੇ ਸਮੇਂ ਤੱਕ ਜਿਉਂਦਾ ਰੱਖਣ ਲਈ ਜੋ ਉਪਰਾਲੇ ਕਰ ਰਿਹਾ ਹੈ ਉਹ ਸ਼ਲਾਘਾਯੋਗ ਹਨ। ਸਾਡੇ ਅਣਗੌਲਿਆਂ ਕਰ ਦਿੱਤੇ ਗਏ ਲੇਖਕਾਂ ਨੂੰ ਉਨ੍ਹਾਂ ਦੇ ਵਾਰਸਾਂ ਵੱਲੋਂ ਇਉਂ ਹੀ ਯਾਦ ਕੀਤਾ ਜਾਣਾ ਚਾਹੀਦਾ ਹੈ। ਡਾ ਗੁਰਸੇਵਕ ਲੰਬੀ ਨੇ ਸਾਥੀ ਵਰਗੇ ਲੇਖਕਾਂ ਨੂੰ ਬਣਦਾ ਸਤਿਕਾਰ ਦੇਣ ਦੀ ਲੋੜ ਤੇ ਜ਼ੋਰ ਦਿੱਤਾ। ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਮੰਚ ਵੱਲੋਂ ਸਾਥੀ ਦੀ ਸ਼ਾਇਰੀ ਨੂੰ ਪੁਸਤਕ ਰੂਪ ਵਿਚ ਲੋਕਾਂ ਤੱਕ ਪੁੱਜਦੀ ਕਰਦੇ ਰਹਿਣ ਦਾ ਅਹਿਦ ਕੀਤਾ। ਮੰਚ ਦੇ ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਸਕੱਤਰ ਧਾਮੀ ਗਿੱਲ, ਵਿੱਤ ਸਕੱਤਰ ਪ੍ਰਦੀਪ ਰਖਦਾ, ਸੋਨੀ ਮੋਗਾ, ਵਿਜੇ ਕੁਮਾਰ ਪ੍ਰਤੀਨਿਧ ਸ਼ੇਰ ਜੰਗ ਫਾਊਂਡੇਸ਼ਨ, ਜਸਵਿੰਦਰ ਧਰਮਕੋਟ ਅਤੇ ਸ਼ਕੁੰਤਲਾ ਜੰਗ ਸਮੇਤ ਬਹੁਤ ਸਾਰੇ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜਰ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ ਅਜੀਤਪਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਹਿੰਦਰ ਸਾਥੀ ਦੀ ਸ਼ਾਇਰੀ ਦੇ ਹਵਾਲੇ ਨਾਲ਼ ਅਜੋਕੀ ਪੀੜ੍ਹੀ ਨੂੰ ਸਾਥੀ ਤੋਂ ਪ੍ਰੇਰਨਾ ਲੈਣ ਲਈ ਆਖਿਆ।